ਨਵੀਂ ਦਿੱਲੀ: ਦੇਸ਼ ਦੀ ਅਰਥ ਵਿਵਸਥਾ ਬਾਰੇ ਸਾਬਕਾ ਪ੍ਰਧਾਨ ਮੰਤਰੀ ਤੇ ਅਰਥਸ਼ਾਸਤਰੀ ਮਨਮੋਹਨ ਸਿੰਘ ਦੇ ਹਾਲੀਆ ਬਿਆਨ ‘ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਵਾਬ ਦਿੱਤਾ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਤਾਂ ਕੁਝ ਨਹੀਂ ਕਿਹਾ ਪਰ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਜਾਣ ‘ਤੇ ਕਿਹਾ ਕਿ ਡਾ. ਸਿੰਘ ਨੇ ਜੋ ਵੀ ਕਿਹਾ ਹੈ, ਉਸ ਬਾਰੇ ਉਨ੍ਹਾਂ ਦਾ ਕੋਈ ਵਿਚਾਰ ਨਹੀਂ। ਉਨ੍ਹਾਂ ਕਿਹਾ ਕਿ ਡਾ. ਸਿੰਘ ਨੇ ਜੋ ਕਿਹਾ, ਉਨ੍ਹਾਂ ਵੀ ਉਸ ਨੂੰ ਸੁਣਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ‘ਕੀ ਡਾ. ਮਨਮੋਹਨ ਸਿੰਘ ਕਹਿ ਰਹੇ ਹਨ ਕਿ ‘ਸਿਆਸੀ ਬਦਲਾਕਖੋਰੀ’ ਵਿੱਚ ਸ਼ਾਮਲ ਹੋਣ ਦੀ ਬਜਾਏ ਉਨ੍ਹਾਂ ਨੂੰ ਚੁੱਪ ਸਾਧੇ ਲੋਕਾਂ ਕੋਲੋਂ ਸਲਾਹ ਲੈਣੀ ਚਾਹੀਦੀ ਹੈ? ਕੀ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ? ਠੀਕ ਹੈ, ਧੰਨਵਾਦ, ਮੈਂ ਇਸ ‘ਤੇ ਉਨ੍ਹਾਂ ਦੀ ਗੱਲ ਸੁਣਾਂਗੀ। ਇਹੀ ਮੇਰਾ ਜਵਾਬ ਹੈ।’
ਨਿਰਮਲਾ ਸੀਤਾਰਮਨ ਨੇ ਕਿਹਾ, ‘ਮੈਂ ਉਦਯੋਗਾਂ ਨੂੰ ਮਿਲ ਰਹੀ ਹੈਂ ਤੇ ਉਨ੍ਹਾਂ ਦੇ ਵਿਚਾਰ ਲੈ ਰਹੀ ਹਾਂ। ਸਰਕਾਰ ਤੋਂ ਉਹ ਕੀ ਚਾਹੁੰਦੇ ਹਨ, ਉਸ ‘ਤੇ ਸੁਝਾਅ ਲੈ ਰਹੀ ਹਾਂ। ਮੈਂ ਜਵਾਬ ਵੀ ਦੇ ਰਹੀ ਹਾਂ। ਮੈਂ ਪਹਿਲਾਂ ਵੀ ਦੋ ਵਾਰ ਅਜਿਹਾ ਕਰ ਚੁੱਕੀ ਹਾਂ ਤੇ ਅੱਗੇ ਵੀ ਕਰਾਂਗੀ।’
ਦੱਸ ਦੇਈਏ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ ਵਿਵਸਥਾ ਦੀ ਖਸਤਾ ਹਾਲਤ ‘ਤੇ ਬੋਲਦਿਆਂ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਏ ਗਏ ਨੋਟਬੰਦੀ ਤੇ ਜੀਐਸਟੀ ਦੇ ਫੈਸਲਿਆਂ ਕਾਰਨ ਦੇਸ਼ ਮੰਦੀ ਦੇ ਜਾਲ ਵਿੱਚ ਫਸ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਦਲੇ ਦੀ ਸਿਆਸਤ ਕਰਨ ਦੀ ਬਜਾਏ ਲੋਕਾਂ ਦੇ ਸੁਝਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਅਰਥਵਿਵਸਥਾ ਨੂੰ ਗੰਭੀਰ ਸੁਸਤੀ ਤੋਂ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।69