ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਪਤਾ ਲਗਾਉਣ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਸਰੋ ਦੇ ਚੇਅਰਮੈਨ ਡਾ. ਕੇ ਕੇ ਸਿਵਨ ਨੇ ਐਤਵਾਰ ਨੂੰ ਦੱਸਿਆ ਕਿ ਚੰਦਰਮਾ ਦੀ ਜ਼ਮੀਨ ‘ਤੇ ਵਿਕਰਮ ਲੈਂਡਰ ਦਾ ਪਤਾ ਲੱਗ ਗਿਆ ਹੈ। ਚੰਦਰਯਾਨ-2 ਦੇ ਆਰਰਬਿਟ ਨੇ ਲੈਂਡਰ ਦੀਆਂ ਕੁਝ ਫੋਟੋਆਂ ਲਈਆਂ ਹਨ। ਉਨ੍ਹਾਂ ਦੱਸਿਆ ਕਿ ਵਿਕਰਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
7 ਸਤੰਬਰ ਨੂੰ ਇਸਰੋ ਪੁਲਾੜ ਵਿਗਿਆਨ ਵਿੱਚ ਇਤਿਹਾਸ ਰਚਣ ਦੇ ਬੇਹੱਦ ਕਰੀਬ ਪਹੁੰਚ ਗਿਆ ਸੀ, ਪਰ ਚੰਦਰਯਾਨ-2 ਦਾ ਲੈਂਡਰ ਵਿਕਰਮ ਦਾ ਚੰਦਰਮਾ ‘ਤੇ ਉਤਰਨ ਤੋਂ ਸਿਰਫ 69 ਸੈਕਿੰਡ ਪਹਿਲਾਂ ਧਰਤੀ ਨਾਲ ਸੰਪਰਕ ਟੁੱਟ ਗਿਆ। ਲੈਂਡਰ ਵਿਕਰਮ ਨੇ ਸ਼ੁੱਕਰਵਾਰ-ਸ਼ਨੀਵਾਰ ਦੀ ਅੱਧੀ ਰਾਤ ਨੂੰ 1:53 ਵਜੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉੱਤਰਨਾ ਸੀ। ਇਸ ਪਿੱਛੋਂ ਡਾ. ਸਿਵਨ ਨੇ ਕਿਹਾ ਕਿ ਭਾਰਤੀ ਮਿਸ਼ਨ ਲਗਪਗ 99 ਫੀਸਦੀ ਸਫਲ ਰਿਹਾ। ਸਿਰਫ ਆਖਰੀ ਪੜਾਅ ਵਿੱਚ ਲੈਂਡਰ ਨਾਲ ਸੰਪਰਕ ਟੁੱਟ ਗਿਆ।
ਡਾ.ਸਿਵਨ ਨੇ ਕਿਹਾ, ‘ਲੈਂਡਰ ਵਿਕਰਮ ਦੀ ਲੈਂਡਿੰਗ ਪ੍ਰਕਿਰਿਆ ਬਿਲਕੁਲ ਸਹੀ ਸੀ। ਜਦੋਂ ਯਾਨ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ ਤੋਂ 2.1 ਕਿਲੋਮੀਟਰ ਦੂਰ ਸੀ, ਤਾਂ ਇਸ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ। ਅਸੀਂ
ਆਰਬਿਟਰ ਤੋਂ ਮਿਲ ਰਹੇ ਡੇਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਅਸੀਂ ਅਖੀਰਲੇ ਪੜਾਅ ਵਿੱਚ ਸਿਰਫ ਲੈਂਡਰ ਨਾਲ ਸੰਪਰਕ ਗਵਾਇਆ ਹੈ। ਅਗਲੇ 14 ਦਿਨ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ।’