ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਰਕਾਰਾਂ ਸਿੱਖ ਕੈਦੀਆਂ ਅਤੇ ਹੋਰਨਾਂ ਕੈਦੀਆਂ ਪ੍ਰਤੀ ਦੋਹਰੇ ਮਾਪਦੰਡ ਅਪਨਾ ਕੇ ਚੱਲ ਰਹੀਆਂ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਬੰਦੀ ਸਿੰਘ ਜੋ ਕਿ ਚੰੰਡੀਗੜ੍ਹ ਬੁੜੈਲ ਜੇਲ੍ਹ ਵਿਚ ਬੰਦ ਹਨ, ਵਿੱਚੋਂ ਕੁਝ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਵਜੂਦ ਵੀ ਉਹਨਾਂ ਨੂੰ ਸਰਕਾਰ ਨੇ ਨਾ ਤਾਂ ਰਿਹਾਅ ਕੀਤਾ ਅਤੇ ਨਾ ਹੀ ਪੈਰੋਲ ਦੇ ਰਹੀ ਹੈ ਜਦੋਂਕਿ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਜੋ ਅਤਿ ਸੰਗੀਨ ਦੋਸ਼ਾਂ ਅਧੀਨ ਮਿਲੀ ਸਜ਼ਾ ਤਹਿਤ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ, ਨੂੰ ਪੈਰੋਲ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਪੈਰੋਲ ਦੇਣਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਦੇ ਬਰਾਬਰ ਹੈ ਪਰ ਪੰਜਾਬ ਦਾ ਮਾਹੌਲ ਕਿਸੇ ਕੀਮਤ ਤੇ ਖਰਾਬ ਨਹੀ ਹੋਣ ਦੇਣਾ ਚਾਹੀਦਾ।ਉਹਨਾਂ ਇਹ ਵੀ ਦੋਸ਼ ਲਾਏ ਕਿ ਡੇਰਾ ਮੁਖੀ ਨੂੰ ਪੈਰੋਲ ਰਾਜਨੀਤਿਕ ਦਬਾਅ ਵਿੱਚ ਦਿੱਤੀ ਗਈ ਹੈ।