ਦੋ ਸਾਧਵੀਆਂ ਨਾਲ ਜਬਰ ਜਨਾਹ ਤੇ ਇਕ ਪੱਤਰਕਾਰ ਦੀ ਹੱਤਿਆ ਮਾਮਲੇ ‘ਚ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਇਕ ਵਾਰ ਫਿਰ ਚਰਚਾ ‘ਚ ਹੈ। ਨਿਊਜ਼ ਏਜੰਸੀ ਏਐੱਨਆਈ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਐਂਡੋਸਕੋਪੀ ਲਈ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (All India Institute of Medical Science) ‘ਚ ਲਿਆਂਦਾ ਗਿਆ ਹੈ। ਇੱਥੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ ਤੇ ਕੁਝ ਜ਼ਰੂਰੀ ਟੈਸਟ ਵੀ ਕੀਤੇ ਜਾਣਗੇ।
ਦੱਸ ਦੇਈਏ ਕਿ ਪਿਛਲੇ ਮਹੀਨੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ (Medanata Hospital) ‘ਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਪਹੁੰਚੀ ਸੀ। 15 ਜੂਨ ਤਕ ਦਾ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਬਣਿਆ ਹੋਇਆ ਸੀ, ਪਰ ਬਾਅਦ ਵਿਚ ਜੇਲ੍ਹ ਮੈਨੁਅਲ ਦੀ ਵਜ੍ਹਾ ਨਾਲ ਉਸ ਦਾ ਪਾਸ ਰੱਦ ਹੋ ਗਿਆ ਸੀ।