ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਕਾਰਜਵਾਹਕ ਵਿਦੇਸ਼ ਮੰਤਰੀ ਡੈਨੀਅਲ ਸਮਿਥ ਨੂੰ ਅੰਤਿ੍ਮ ਰਾਜਦੂਤ ਵਜੋਂ ਭਾਰਤ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਮਹਾਮਾਰੀ ‘ਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਅਤੇ ਤਾਲਮੇਲ ਦੀ ਲੋੜ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਸੇਵਾ ਸੰਸਥਾ ਦੇ ਨਿਰਦੇਸ਼ਕ ਡੈਨੀਅਲ ਸਮਿਥ ਹਾਲ ਹੀ ‘ਚ ਕਾਰਜਵਾਹਕ ਵਿਦੇਸ਼ ਮੰਤਰੀ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਹ ਜਲਦ ਹੀ ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਅਮਰੀਕੀ ਰਾਜਦੂਤ ਦਾ ਅਹੁਦਾ 20 ਜਨਵਰੀ ਤੋਂ ਖਾਲੀ ਹੈ। ਬਾਇਡਨ ਦੇ ਸਹੁੰ ਚੁੱਕਣ ਤੋਂ ਬਾਅਦ ਇੱਥੇ ਕਿਸੇ ਦੀ ਨਿਯੁਕਤੀ ਨਹੀਂ ਹੋਈ ਸੀ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਕਿ ਸਮਿਥ ਦੀ ਨਿਯੁਕਤੀ ਅਮਰੀਕਾ ਦੀ ਭਾਰਤ ਨਾਲ ਮਜ਼ਬੂਤ ਸਾਂਝੇਦਾਰੀ ਨੂੰ ਪ੍ਰਦਰਸ਼ਿਤ ਕਰਦੀ ਹੈ। ਡੈਨੀਅਲ ਸਮਿਥ ਦੇ ਰੂਪ ‘ਚ ਅਮਰੀਕਾ ਨੇ ਆਪਣੇ ਵਿਦੇਸ਼ ਸੇਵਾ ਦੇ ਸੀਨੀਅਰ ਰਾਜਨਾਇਕ ਨੂੰ ਨਿਯੁਕਤ ਕੀਤਾ ਹੈ। ਉਹ ਦੋਵਾਂ ਦੇਸ਼ਾਂ ਨੂੰ ਹੋਰ ਨੇੜੇ ਲਿਆਉਣ ਦੇ ਨਾਲ ਹੀ ਮਹਾਮਾਰੀ ‘ਚ ਤਾਲਮੇਲ ਦੀ ਅਹਿਮ ਜ਼ਿੰਮੇਵਾਰੀ ਨੂੰ ਵੀ ਨਿਭਾਣਗੇ।