ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦੋਵੇਂ ਪਾਰਟੀਆਂ ਦੇ ਨੇਤਾ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਰਾਸ਼ਟਰਪਤੀ ਦੀ ਚੋਣ ਲਈ ਤਿੰਨ ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਦੇ ਨਾਲ ਹੀ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਲਈ ਰਿਪਬਲੀਕਨ ਪਾਰਟੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰ ਲਿਆ ਹੈ। ਟਰੰਪ ਨੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਵਿਚਾਲੇ ਵ੍ਹਾਈਟ ਹਾਊਸ ਵਿੱਚ ਨਾਮਜ਼ਦਗੀ ਸਵੀਕਾਰੀ।
ਇਸ ਦੌਰਾਨ ਡੌਨਾਲਡ ਟਰੰਪ (74) ਨੇ ਕਿਹਾ, “ਮੇਰੇ ਅਮਰੀਕੀ ਸਹਿਯੋਗੀ, ਅੱਜ ਰਾਤ ਮੈਂ ਤਹਿ ਦਿਲੋਂ ਉਮੀਦ ਨਾਲ ਭਰਪੂਰ ਹਾਂ, ਮੈਂ ਅਮਰੀਕੀ ਰਾਸ਼ਟਰਪਤੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦਾ ਹਾਂ।” ਟਰੰਪ ਨੇ ਰਿਪਬਲੀਕਨ ਨੈਸ਼ਨਲ ਕਾਨਫਰੰਸ (ਆਰਐਨਸੀ) ਦੇ ਆਖ਼ਰੀ ਦਿਨ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ‘ਸਾਊਥ ਲੌਨ’ ਵਿੱਚ ਨਾਮਜ਼ਦਗੀ ਲਈ ਹਾਮੀ ਭਰੀ।
ਟਰੰਪ ਨੇ ਕਿਹਾ, “ਮੈਂ ਤੁਹਾਡੇ ਸਮਰਥਨ ਨਾਲ ਅੱਜ ਰਾਤ ਇੱਥੇ ਖੜ੍ਹਾ ਹਾਂ, ਪਿਛਲੇ ਚਾਰ ਸ਼ਾਨਦਾਰ ਸਾਲਾਂ ਵਿੱਚ ਜੋ ਅਸਧਾਰਨ ਤਰੱਕੀ ਕੀਤੀ, ਇਸ ‘ਤੇ ਮਾਣ ਹੈ ਤੇ ਅਗਲੇ ਚਾਰ ਸਾਲਾਂ ਵਿੱਚ ਅਸੀਂ ਅਮਰੀਕਾ ਲਈ ਸੁਨਹਿਰਾ ਭਵਿੱਖ ਬਣਾਵਾਂਗੇ।
ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਸਟੇਜ ‘ਤੇ ਪਹੁੰਚੇ। ਉਸ ਦੀ ਬੇਟੀ ਇਵਾਂਕਾ ਟਰੰਪ ਨੇ ਉਸ ਨਾਲ ਜਾਣ-ਪਛਾਣ ਕਰਵਾਈ। ਇਵਾਨਕਾ ਨੇ ਕੋਵਿਡ-19 ਦੌਰਾਨ ਆਪਣੇ ਪਿਤਾ ਦੇ ਕਦਮਾਂ ਤੇ ਆਰਥਿਕ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ, “ਚਾਰ ਸਾਲ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਹਰ ਸੰਘਰਸ਼ ਦੌਰਾਨ ਆਪਣੇ ਪਿਤਾ ਦੇ ਨਾਲ ਖੜ੍ਹੇ ਹੋਵਾਂਗੀ ਤੇ ਚਾਰ ਸਾਲਾਂ ਬਾਅਦ ਮੈਂ ਇੱਥੇ ਹਾਂ।”