ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (American president donald trump) ਨੇ ਸਾਬਕਾ ਸਹਿਯੋਗੀ ਤੇ ਉਸ ਦੇ ਦਾਮਾਦ ਦੇ ਪਿਤਾ ਸਮੇਤ 29 ਲੋਕਾਂ ਨੂੰ ਮੁਆਫ ਕਰ ਦਿੱਤਾ ਹੈ, ਜਿਨ੍ਹਾਂ ਨੂੰ ਸਾਲ 2016 ਦੀਆਂ ਚੋਣਾਂ ਵਿੱਚ ਰੂਸ ਦੇ ਦਖਲਅੰਦਾਜ਼ੀ ਨਾਲ ਜੁੜੀ ਰੌਬਰਟ ਮੁਲਰ (Robert Muller) ਦੀ ਜਾਂਚ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਟਰੰਪ ਨੇ ਜਿਨ੍ਹਾਂ ਨੂੰ ਬੁੱਧਵਾਰ ਨੂੰ ਮੁਆਫੀ ਦਿੱਤੀ, ਉਨ੍ਹਾਂ ਵਿੱਚ ਰੋਜਰ ਸਟੋਨ ਤੇ ਪਾਲ ਮੈਨਾਫੋਰਟ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਰੌਬਰਟ ਮੁਲਰ ਜਾਂਚ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਵ੍ਹਾਈਟ ਹਾਊਸ ਨੇ ਕਿਹਾ, “ਅੱਜ ਰਾਸ਼ਟਰਪਤੀ ਟਰੰਪ ਨੇ ਪੌਲ ਮੈਨਾਫੋਰਟ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ। ਉਨ੍ਹਾਂ ਨੂੰ ਰੂਸੀ ਦਖਲਅੰਦਾਜ਼ੀ ਸਬੰਧੀ ਵਿਸ਼ੇਸ਼ ਵਕੀਲ ਰੌਬਰਟ ਮੁਲਰ ਵਲੋਂ ਜਾਂਚ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਸੀ। ਮੈਨਾਫੋਰਟ ਪਹਿਲਾਂ ਹੀ ਦੋ ਸਾਲ ਦੀ ਕੈਦ ਦੀ ਸਜ਼ਾ ਕੱਟ ਚੁੱਕਾ ਹੈ। ਉਨ੍ਹਾਂ ਨੇ ਕਿਹਾ, “ਅੱਜ ਰਾਸ਼ਟਰਪਤੀ ਟਰੰਪ ਨੇ ਵੀ ਰੋਜ਼ਰ ਸਟੋਨ ਨੂੰ ਬਿਨਾਂ ਸ਼ਰਤ ਪੂਰਨ ਮੁਆਫੀ ਦੇ ਦਿੱਤੀ ਹੈ। ਸਟੋਨ 68 ਸਾਲਾਂ ਦਾ ਹੈ ਤੇ ਸਿਹਤ ਸਬੰਧੀ ਵੀ ਬਹੁਤ ਸਾਰੀਆਂ ਚਿੰਤਾਵਾਂ ਹਨ।”
ਵ੍ਹਾਈਟ ਹਾਊਸ ਨੇ ਕਿਹਾ, “ਸਾਲ 2006 ਵਿੱਚ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਚਾਰਲਸ ਕੁਸ਼ਨਰ ਮਹੱਤਵਪੂਰਨ ਪਰਉਪਕਾਰੀ ਸੰਸਥਾਵਾਂ ਲਈ ਕੰਮ ਕਰ ਰਹੇ ਹਨ। ਸੁਧਾਰ ਤੇ ਦਾਨ ਦੇ ਇਹ ਕਾਰਜ ਉਨ੍ਹਾਂ ਦੇ ਦੋਸ਼ਾਂ ਨਾਲੋਂ ਬਹੁਤ ਵੱਡੇ ਹਨ। ਨਕਲੀ ਟੈਕਸ ਰਿਟਰਨ ਤਿਆਰ ਕਰਨ, ਇੱਕ ਗਵਾਹ ਨੂੰ ਧਮਕੀ ਦੇਣ ਤੇ FEC ਨੂੰ ਝੂਠੇ ਬਿਆਨ ਦੇਣ ਲਈ ਕੁਸ਼ਨੇਰ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।”
ਇਸ ਤੋਂ ਪਹਿਲਾਂ ਮਹੀਨੇ ਦੀ ਸ਼ੁਰੂਆਤ ਵਿੱਚ ਟਰੰਪ ਨੇ 20 ਹੋਰ ਲੋਕਾਂ ਨੂੰ ਮੁਆਫ ਵੀ ਕਰ ਦਿੱਤਾ ਸੀ। ਨਵੰਬਰ ਵਿਚ ਟਰੰਪ ਨੇ ਸਾਬਕਾ ਰਾਸ਼ਟਰੀ ਸੁੱਰਖਿਆ ਸਲਾਹਕਾਰ ਮਾਈਕਲ ਫਲਾਈਨ ਨੂੰ ਵੀ ਮੁਆਫ ਕਰ ਦਿੱਤਾ ਸੀ।