ਡੋਮਿਨਿਕਾ ਦੀ ਇਕ ਮੈਜਿਸਟ੍ਰੇਟ ਅਦਾਲਤ ਨੇ ਪੀਐਨਬੀ ਘੁਟਾਲੇ ਦੇ ਮੁਲਜ਼ਮ ਅਤੇ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਦੀ ਦੇਸ਼ ਵਿਚ ਗੈਰ ਕਾਨੂੰਨੀ ਦਾਖ਼ਲ ਹੋਣ ਦੇ ਮਾਮਲੇ ਵਿਚ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੀਰੇ ਦੇ ਵਪਾਰੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਦੇਸ਼ ਵਿਚ ਗੈਰਕਾਨੂੰਨੀ ਦਾਖ਼ਲ ਹੋਣ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ ਕਿ ਉਹ ਹੁਣ ਉੱਚ ਅਦਾਲਤ ਵਿਚ ਜਾਣਗੇ। ਇਸ ਤੋਂ ਪਹਿਲਾਂ, ਚੋਕਸੀ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਐਂਟੀਗੁਆ ਅਤੇ ਬਾਰਬੂਡਾ ਤੋਂ ਅਗਵਾ ਕੀਤਾ ਗਿਆ ਸੀ ਅਤੇ ਜ਼ਬਰਦਸਤੀ ਕੈਰੇਬੀਅਨ ਦੇਸ਼ ਲਿਆਂਦਾ ਗਿਆ ਸੀ। ਉਸਨਾ ਕਿਹਾ ਕਿ ਚੋਕਸੀ ਪੁਲਿਸ ਹਿਰਾਸਤ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਅਤੇ ਉਸਨੂੰ ਐਂਟੀਗੁਆ ਅਤੇ ਬਾਰਬੁਡਾ ਵਾਪਸ ਭੇਜ ਦਿੱਤਾ ਜਾਵੇ। ਚੋਕਸੀ ਨੂੰ ਭਾਰਤ ਲਿਆਉਣ ਲਈ ਸੀਬੀਆਈ ਦੇ ਡਿਪਟੀ ਇੰਸਪੈਕਟਰ ਜਨਰਲ ਦੀ ਅਗਵਾਈ ਹੇਠ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਡੋਮਿਨਿਕਾ ਵਿਚ ਮੌਜੂਦ ਹੈ।
ਮੇਹੁਲ ਚੋਕਸੀ ਦਾ ਕੇਸ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਤਿੰਨ ਘੰਟਿਆਂ ਤੋਂ ਵੱਧ ਸਮੇਂ ਤਕ ਵਿਚਾਰ ਵਟਾਂਦਰੇ ਤੋਂ ਬਾਅਦ ਅਦਾਲਤ ਨੇ ਵੀਰਵਾਰ ਸਵੇਰੇ 9 ਵਜੇ ਤਕ ਹੈਬੀਅਸ ਕਾਰਪਸ ਦੀ ਅਰਜ਼ੀ ਮੁਲਤਵੀ ਕਰ ਦਿੱਤੀ ਹੈ। ਸੁਣਵਾਈ ਦੌਰਾਨ, ਡੋਮਿਨਿਕਨ ਜੱਜ ਬਰਨੀ ਸਟੀਫੇਨਸਨ ਨੇ ਕਿਹਾ ਕਿ ਭਗੌੜੇ ਕਾਰੋਬਾਰੀ ਨੂੰ ਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ ਡੋਮਿਨਿਕਾ ਵਿਚ ਗੈਰਕਾਨੂੰਨੀ ਦਾਖ਼ਲ ਹੋਣ ਦੇ ਦੋਸ਼ਾਂ ਦਾ ਜਵਾਬ ਦੇਣਾ ਪਵੇਗਾ।
ਜ਼ਿਕਰਯੋਗ ਹੈ ਕਿ ਹੀਰਾ ਵਪਾਰੀ ਮੇਹੁਲ ਚੋਕਸੀ 23 ਮਈ ਦੀ ਰਾਤ ਨੂੰ ਐਂਟੀਗੁਆ ਤੋਂ ਲਾਪਤਾ ਹੋ ਗਿਆ ਸੀ। ਚੋਕਸੀ ਸਾਲ 2018 ਤੋਂ ਉਥੇ ਨਾਗਰਿਕ ਵਜੋਂ ਰਹਿ ਰਿਹਾ ਸੀ। ਬਾਅਦ ਵਿਚ ਉਸ ਨੂੰ ਗੁਆਂਢੀ ਦੇਸ਼ ਡੋਮਿਨਿਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਲਈ ਹਿਰਾਸਤ ਵਿਚ ਲੈ ਲਿਆ ਗਿਆ ਸੀ। ਚੋਕਸੀ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਦੇ ਕੇਸ ਵਿਚ ਭਾਰਤ ਤੋਂ ਫਰਾਰ ਹੈ।