ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਉਤੇ ਆਪਣੀ ਸਫ਼ਾਈ ਦੇਣ ਲਈ ਉੱਘੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਦਿੱਤੇ ਗਏ ਸੰਦੇਸ਼ ਨੂੰ ਉਨ੍ਹਾਂ ਨੂੰ ਪੰਜਾਬ ਵਿੱਚ ਧਰਮ-ਤਿਆਗ ਦੇ ਰੁਝਾਨ ਦਾ ਟਾਕਰਾ ਕਰਨ ਵਾਲੀਆਂ ਤਾਕਤਾਂ ਵਿੱਚ ਸ਼ਾਮਲ ਹੋਣ ਲਈ ਇੱਕ ਸੁਲ੍ਹਾ-ਸਫਾਈ ਵਾਲੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਜਵਾਬ ਵਿੱਚ, ਢੱਡਰੀਆਂਵਾਲੇ ਨੇ ਗਿਆਨੀ ਗੜਗੱਜ ਵੱਲੋਂ ਸ਼ੁਰੂ ਕੀਤੀ ਗਈ ਸਿੱਖ ਧਰਮ ਪ੍ਰਚਾਰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਪ੍ਰਗਟ ਕੀਤੀ ਹੈ।
ਰਣਜੀਤ ਸਿੰਘ ਢੱਡਰੀਆਂਵਾਲੇ, ਜੋ ਸਿੱਖ ਧਰਮ ਪ੍ਰਤੀ ਆਪਣੇ ‘ਆਧੁਨਿਕ ਅਤੇ ਤਰਕਸ਼ੀਲ’ ਨਜ਼ਰੀਏ ਲਈ ਜਾਣੇ ਜਾਂਦੇ ਹਨ, ਪਟਿਆਲਾ-ਸੰਗਰੂਰ ਹਾਈਵੇਅ ‘ਤੇ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਦੀ ਅਗਵਾਈ ਕਰਦੇ ਹਨ, ਜੋ ਕਿ 33 ਏਕੜ ਵਿੱਚ ਫੈਲਿਆ ਹੋਇਆ ਹੈ। ਵਿਵਾਦਾਂ ਵਿਚ ਹੋਣ ਦੇ ਬਾਵਜੂਦ ਭਾਰਤ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਹੈ।
ਰਣਨੀਤੀ ਵਿੱਚ ਤਬਦੀਲੀ
ਅਕਾਲ ਤਖ਼ਤ ਵੱਲੋਂ ਢੱਡਰੀਆਂਵਾਲੇ ਵਿਰੁੱਧ ਸਟੈਂਡ ਵਿੱਚ ਨਰਮੀ ਨੂੰ ਕੁਝ ਹਿੱਸਿਆਂ ਵਿੱਚ ਦਮਦਮੀ ਟਕਸਾਲ, ਜੋ ਹਰਨਾਮ ਸਿੰਘ ਖਾਲਸਾ ‘ਧੁੰਮਾਂ’ ਦੀ ਅਗਵਾਈ ਵਾਲੀ ਇੱਕ ਸਿੱਖ ਸੱਭਿਆਚਾਰਕ ਅਤੇ ਵਿਦਿਅਕ ਸੰਸਥਾ ਹੈ ਹੈ, ਦੇ ਵਿਰੋਧ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਦੋਵਾਂ ਦੇ ਹੀ ਸਮਰਥਕਾਂ ਤੇ ਪੈਰੋਕਾਰਾਂ ਦੀ ਭਰਵੀਂ ਗਿਣਤੀ ਹੈ। ਇਹ ਕਦਮ ਸੰਭਾਵੀ ਤੌਰ ‘ਤੇ ਧਾਰਮਿਕ-ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ SGPC ਦੀ ਸਥਿਤੀ ਨੂੰ ਮਜ਼ਬੂਤ ਕਰ ਸਕਦਾ ਹੈ।
ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਟਕਰਾਅ ਮੁੱਖ ਤੌਰ ‘ਤੇ ਸਿੱਖ ਪ੍ਰੰਪਰਾਵਾਂ ਅਤੇ ਅਭਿਆਸਾਂ ‘ਤੇ ਵੱਖੋ-ਵੱਖਰੇ ਵਿਚਾਰਾਂ ਦੇ ਦੁਆਲੇ ਘੁੰਮਦਾ ਹੈ। ਧੁੰਮਾਂ, ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਦਸਮ ਗ੍ਰੰਥ ਦੇ ਪਾਠ ਦਾ ਸਮਰਥਨ ਕਰਦੇ ਹਨ ਅਤੇ ਨਾਲ ਹੀ ਸੱਤ ‘ਬਾਣੀਆਂ’ ਦੇ ਪਾਠ ਵਰਗੇ ਰਸਮੀ ਅਭਿਆਸਾਂ ‘ਤੇ ਜ਼ੋਰ ਦਿੰਦੇ ਹਨ।
ਦੋਵਾਂ ਧਿਰਾਂ ਦਰਮਿਆਨ ਤਣਾਅ ਇਨ੍ਹਾਂ ਦੋਸ਼ਾਂ ਕਾਰਨ ਵਧਿਆ ਕਿ ਢੱਡਰੀਆਂਵਾਲੇ ਪ੍ਰਸਿੱਧ ਫ਼ਿਲਮੀ ਧੁਨਾਂ ਦੀ ਤਰਜ਼ ‘ਤੇ ਆਧਾਰਤ ‘ਕੱਚੀ ਬਾਣੀ’ (ਗੈਰ-ਗੁਰੂ-ਲਿਖਤਾਂ) ਦਾ ਪਾਠ ਕਰਦੇ ਹਨ, ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਹਨ ਅਤੇ ‘ਅੰਮ੍ਰਿਤ ਵੇਲਾ’ (ਸਵੇਰ ਦੀ ਅਰਦਾਸ) ਅਤੇ ‘ਨਾਮ ਸਿਮਰਨ’ ਵਰਗੀਆਂ ਰਵਾਇਤੀ ਪ੍ਰਥਾਵਾਂ ਨੂੰ ਰੱਦ ਕਰਨ ਉਤੇ ਜ਼ੋਰ ਦਿੰਦੇ ਹਨ।
ਦੋਵੇਂ ਧੜਿਆਂ ’ਚ ਅਕਸਰ ਟਕਰਾਅ ਬਣਿਆ ਰਹਿੰਦਾ ਹੈ ਅਤੇ ਢੱਡਰੀਆਂਵਾਲੇ ਨੇ ਟਕਸਾਲ ਦੀਆਂ ਧਮਕੀਆਂ ਨੂੰ ‘ਧਾਰਮਿਕ ਗੁੰਡਾਗਰਦੀ’ ਕਰਾਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਦੇ ਹੁਕਮ
ਸਾਲ 2019 ਅਤੇ 2020 ਦੌਰਾਨ ਢੱਡਰੀਆਂਵਾਲੇ ‘ਤੇ ਸਿੱਖ ਇਤਿਹਾਸ ਅਤੇ ਸਿਧਾਂਤਾਂ ਸਬੰਧੀ ਤੋੜ-ਮਰੋੜ ਕੇ ਉਪਦੇਸ਼ ਦੇਣ ਦੇ ਦੋਸ਼ ਲਾਉਂਦੀਆਂ ਸ਼ਿਕਾਇਤਾਂ ਆਈਆਂ ਸਨ। ਅਕਾਲ ਤਖ਼ਤ ਵੱਲੋਂ ਗਠਿਤ ਇੱਕ ਸਬ-ਕਮੇਟੀ ਨੇ ਢੱਡਰੀਆਂਵਾਲੇ ਨੂੰ ਆਪਣੇ ਬਿਆਨਾਂ ਉਤੇ ਸਫ਼ਾਈ ਦੇਣ ਲਈ ਵਾਰ-ਵਾਰ ਤਲਬ ਕੀਤਾ ਪਰ ਉਨ੍ਹਾਂ ਤਿੰਨ ਵਾਰ ਤੈਅ ਮੀਟਿੰਗਾਂ ਵਿਚ ਸ਼ਾਮਲ ਹੋਣ ਤੋਂ ਲਾਂਭੇ ਰਹਿਣਾ ਬਿਹਤਰ ਸਮਝਿਆ।
ਸਬ-ਕਮੇਟੀ ਵੱਲੋਂ ਢੱਡਰੀਆਂਵਾਲਾ ਖ਼ਿਲਾਫ਼ ਦਿੱਤੀ ਰਿਪੋਰਟ ਦੇ ਆਧਾਰ ‘ਤੇ ਅਕਾਲ ਤਖ਼ਤ ਨੇ 24 ਅਗਸਤ, 2020 ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਸਿੱਖ ਭਾਈਚਾਰੇ ਨੂੰ ਮੁਆਫ਼ੀ ਮੰਗੇ ਜਾਣ ਤੱਕ ਢੱਡਰੀਆਂਵਾਲੇ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਪਰ ਉਹ ਅਜੇ ਤੱਕ ਸਪੱਸ਼ਟੀਕਰਨ ਦੇਣ ਲਈ ਪੇਸ਼ ਨਹੀਂ ਹੋਏ ਹਨ।
ਨਿਵੇਕਲੀ ਪਹੁੰਚ
ਢੱਡਰੀਆਂਵਾਲੇ ਤਰਕਸ਼ੀਲਤਾ ਅਤੇ ਤਰਕ ‘ਤੇ ਜ਼ੋਰ ਦਿੰਦੇ ਹਨ ਅਤੇ ਆਪਣੇ ਪੈਰੋਕਾਰਾਂ ਨੂੰ ਆਲੋਚਨਾਤਮਕ ਢੰਗ ਨਾਲ ਸੋਚਣ ਲਈ ਪ੍ਰੇਰਿਤ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਤਰਕਸ਼ੀਲ ਸੋਚ ਨੂੰ ਹੁਲਾਰਾ ਦਿੰਦੇ ਹਨ, ਜਿਸ ਨੂੰ ਵਿਸ਼ਵਾਸ ਅਤੇ ਅਭਿਆਸਾਂ ਦੀ ਅਗਵਾਈ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਆਧੁਨਿਕ ਦ੍ਰਿਸ਼ਟੀਕੋਣਾਂ ਨੂੰ ਰਵਾਇਤੀ ਸਿੱਖਿਆਵਾਂ ਨਾਲ ਮਿਲਾਉਣਾ ਚਾਹੀਦਾ ਹੈ।
ਸਿਆਸੀ ਪ੍ਰਭਾਵ
ਢੱਡਰੀਆਂਵਾਲੇ ਦੇ ਪੈਰੋਕਾਰਾਂ ਦੇ ਵਿਆਪਕ ਆਧਾਰ ਨੇ ਵੀ ਰਾਜਨੀਤਿਕ ਹਸਤੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬਾਗ਼ੀ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਹਾਲ ਹੀ ਵਿੱਚ ਕਪੂਰਥਲਾ ਵਿੱਚ ਇੱਕ ਸਮਾਗਮ ਵਿੱਚ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ ਸੀ, ਹਾਲਾਂਕਿ ਪਹਿਲਾਂ ਉਹ ਢੱਡਰੀਆਂਵਾਲੇ ਦੀ ਨਿੰਦਾ ਕਰਦੇ ਰਹੇ ਹਨ। ਰਿਪੋਰਟਾਂ ਦੱਸਦੀਆਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ, ਵਿਸਾਖੀ ਦੇ ਜਸ਼ਨ ਵਿੱਚ ਉਨ੍ਹਾਂ ਦੇ ਨਾਲ ਦਿਖਾਈ ਦਿੱਤੀ ਸੀ। ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪਪਨੀਤ ਕੌਰ ਵੀ ਅਕਸਰ ਉਨ੍ਹਾਂ ਦੇ ਡੇਰੇ ਵਿਚ ਜਾਂਦੇ ਹਨ।
ਢੱਡਰੀਆਂਵਾਲੇ ਉਤੇ 2016 ਵਿੱਚ ਇੱਕ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿਚ ਉਨ੍ਹਾਂ ਦੇ ਸਾਥੀ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਢੱਡਰੀਆਂਵਾਲੇ ਅਤੇ ਉਨ੍ਹਾਂ ਦੇ ਗੁਰਦੁਆਰਾ ਪਰਮੇਸ਼ਰ ਦੁਆਰ ਦੀ ਸੁਰੱਖਿਆ ਵਿਚ ਭਾਰੀ ਇਜ਼ਾਫ਼ਾ ਕੀਤਾ ਗਿਆ ਹੈ।