38.14 F
New York, US
December 12, 2024
PreetNama
ਸਿਹਤ/Health

ਤਣਾਅ ਤੋਂ ਦੂਰ ਰਹਿ ਕੇ ਰਹੋ ਸਿਹਤਮੰਦ

ਸੰਸਾਰ ਅੰਦਰ ਜਦੋਂ ਮਨੁੱਖੀ ਜ਼ਿੰਦਗੀ ਵੱਲ ਇਕ ਨਜ਼ਰ ਮਾਰਦੇ ਹਾਂ ਤਾਂ ਆਮ ਇਨਸਾਨ ਚਿੰਤਾ-ਫ਼ਿਕਰਾਂ ’ਚ ਫਸਿਆ ਹੋਇਆ ਨਜ਼ਰੀਂ ਪੈਂਦਾ ਹੈ। ਕੋਈ ਨਾ ਕੋਈ ਡਰ, ਝੋਰਾ, ਫ਼ਿਕਰ ਤੇ ਸਹਿਮ ਆਮ ਇਨਸਾਨੀ ਜ਼ਿੰਦਗੀ ਦਾ ਹਿੱਸਾ ਬਣਿਆ ਪ੍ਰਤੀਤ ਹੁੰਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਹਰ ਮਨੁੱਖ ਯਤਨ ਤਾਂ ਸੱੁਖ ਲਈ ਕਰ ਰਿਹਾ ਹੈ, ਸੱੁਖਾਂ ਦੇ ਸਾਧਨ ਵੀ ਮਿਹਨਤ ਕਰ ਕੇ ਜੁਟਾ ਲਏ ਹਨ। ਰੋਟੀ, ਕੱਪੜੇ, ਮਕਾਨ ਦੀ ਜ਼ਰੂਰਤ ਵੀ ਪੂਰੀ ਹੋ ਰਹੀ ਹੈ ਪਰ ਫਿਰ ਵੀ ਉਹ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹੈ। ਜੇ ਖ਼ੁਸ਼ੀ ਸਿਰਫ਼ ਪਦਾਰਥਾਂ ਦੀ ਪ੍ਰਾਪਤੀ ਜਾਂ ਪਦਾਰਥਾਂ ਦੀ ਬਹੁਤਾਤ ’ਚ ਹੁੰਦੀ ਤਾਂ ਦੁਨੀਆ ਦੇ ਹਰ ਅਮੀਰ ਮਨੁੱਖ ਦਾ ਜੀਵਨ ਖ਼ੁਸ਼ੀਆ ਭਰਿਆ ਹੋਣਾ ਚਾਹੀਦਾ ਸੀ ਪਰ ਅਜਿਹਾ ਵੇਖਣ ’ਚ ਨਹੀਂ ਆਉਂਦਾ। ਸਿਆਣਿਆਂ ਦਾ ਕਥਨ ਹੈ ਕਿ ਹਰ ਅਮੀਰ ਸੁਖੀ ਨਹੀਂ ਹੁੰਦਾ ਤੇ ਹਰ ਸੁਖੀ ਅਮੀਰ ਨਹੀਂ ਹੁੰਦਾ। ਬਹੁ-ਮੰਜ਼ਲੀ ਇਮਾਰਤਾਂ ’ਚ ਬੈਠੇ ਲੋਕ ਵੀ ਚਿੰਤਾਗ੍ਰਸਤ ਹੋ

ਸਕਦੇ ਹਨ ਤੇ ਕੋਈ ਝੁੱਗੀ-ਝੌਂਪੜੀ ’ਚ ਜੀਵਨ ਗੁਜ਼ਾਰ ਰਿਹਾ ਮਨੁੱਖ ਵੀ ਖ਼ੁਸ਼ੀਆਂ ਭਰਿਆ ਜੀਵਨ ਗੁਜ਼ਾਰ ਰਿਹਾ ਹੋ ਸਕਦਾ ਹੈ ਕਿਉਂਕਿ ਖ਼ੁਸ਼ੀ ਦਾ ਸਬੰਧ ਪਦਾਰਥਾਂ ਨਾਲ ਨਹੀਂ ਹੈ।

 

ਬਿਮਾਰੀਆਂ ਦਾ ਹੰੁਦਾ ਹੈ ਸ਼ਿਕਾਰ
ਜ਼ਿੰਦਗੀ ’ਚ ਹਮੇਸ਼ਾ ਖ਼ੁਸ਼ ਰਹਿਣਾ ਚਾਹੀਦਾ ਹੈ। ਜੇ ਸਾਨੂੰ ਜ਼ਿੰਦਗੀ ’ਚ ਕੋਈ ਮੁਸ਼ਕਿਲ ਆ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਮੁਸੀਬਤ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਅੱਜ-ਕੱਲ੍ਹ ਕਈ ਵਿਅਕਤੀ ਬਿਨਾਂ ਗੱਲ ਤੋਂ ਹੀ ਕਿਸੇ ਛੋਟੀ-ਮੋਟੀ ਗੱਲ ਦੀ ਟੈਨਸ਼ਨ ਮਨ ’ਚ ਰੱਖ ਲੈਂਦੇ ਹਨ ਅਤੇ ਸਾਰਾ ਦਿਨ ਉਸੇ ਗੱਲ ਨੂੰ ਲੈ ਕੇ ਸੋਚਦੇ ਰਹਿੰਦੇ ਹਨ ਕਿ ਕਿਤੇ ਇਸ ਤਰ੍ਹਾਂ ਨਾ ਹੋ ਜਾਵੇ, ਉਸ ਤਰ੍ਹਾਂ ਨਾ ਹੋ ਜਾਵੇ। ਟੈਨਸ਼ਨ ’ਚ ਰਹਿਣ ਵਾਲਾ ਵਿਅਕਤੀ ਚਾਹੇ ਉਹ ਔਰਤ ਹੈ ਜਾਂ ਮਰਦ, ਉਹ ਆਪਣੇ ਵੱਲੋਂ ਹੀ ਮਨ ’ਚ ਸਵਾਲ ਬਣਾ ਲੈਂਦਾ ਹੈ ਤੇ ਉਨ੍ਹਾਂ ਸਵਾਲਾਂ ਦੇ ਨਾਂਹਪੱਖੀ ਜਵਾਬ ਬਣਾ ਲੈਂਦਾ ਹੈ। ਜਦੋਂ ਉਸ ਦਾ ਮਨ ਟੈਨਸ਼ਨ ਤੇ ਨਾਂਹਪੱਖੀ ਵਿਚਾਰਾਂ ਨਾਲ ਭਰ ਜਾਂਦਾ ਹੈ ਤਾਂ ਉਹ ਡਿਪਰੈਸ਼ਨ ’ਚ ਆਉਣਾ ਸ਼ੁੁਰੂ ਹੋ ਜਾਂਦਾ ਹੈ। ਫਿਰ ਸ਼ੁਰੂਆਤ ਹੋ ਜਾਂਦੀ ਹੈ ਬਿਮਾਰੀਆਂ ਦਾ ਸ਼ਿਕਾਰ ਹੋਣ ਦੀ। ਜਦੋਂ ਟੈਨਸ਼ਨ ਵਾਲੇ ਵਿਅਕਤੀ ਨੂੰ ਕੋਈ ਛੋਟੀ-ਮੋਟੀ ਬਿਮਾਰੀ ਲੱਗ ਜਾਂਦੀ ਹੈ ਤਾਂ ਉਹ ਵਿਅਕਤੀ ਉਸ ਬਾਰੇ ਸਾਰਾ ਦਿਨ ਸੋਚ-ਸੋਚ ਕੇ ਚਿੰਤਾ ’ਚ ਰਹਿੰਦਾ ਹੈ, ਜਿਸ ਕਰਕੇ ਦਵਾਈ ਵੀ ਪੂਰੀ ਤਰ੍ਹਾਂ ਅਸਰ ਨਹੀਂ ਕਰਦੀ। ਕਈ ਵਾਰ ਟੈਨਸ਼ਨ ਕਾਰਨ ਵਿਅਕਤੀ ਇਕ ਤੋਂ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਡਿਪਰੈਸ਼ਨ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ।
ਇਲਾਜ ਲਈ ਕਰੋ ਪ੍ਰੇਰਿਤ
ਡਿਪਰੈਸ਼ਨ ’ਚ ਵਿਅਕਤੀ ਮਹਿਸੂਸ ਕਰਦਾ ਹੈ ਕਿ ਮੇਰੀ ਜ਼ਿੰਦਗੀ ਹੀ ਇਸ ਤਰ੍ਹਾਂ ਦੀ ਹੈ ਤੇ ਹਾਲਾਤ ਇਸ ਤਰ੍ਹਾਂ ਹੀ ਰਹਿਣਗੇ। ਮਦਦ ਲੈਣ ਦਾ ਖ਼ਿਆਲ ਜੇ ਆਉਂਦਾ ਵੀ ਹੈ ਪਰ ਮਨ ’ਚ ਕੋਈ ਆਸ ਨਹੀਂ ਬੱਝਦੀ। ਕਈ ਵਾਰ ਤਾਂ ਡਿਪਰੈਸ਼ਨ ’ਚ ਆ ਕੇ ਕਈ ਲੋਕ ਖੁਦਕੁਸ਼ੀ ਵੱਲ ਵੀ ਕਦਮ ਚੱੁਕ ਲੈਂਦੇ ਹਨ।
ਇਸ ’ਚ ਵਿਅਕਤੀ ਨੂੰ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ-ਮਿੱਤਰਾਂ ਤੋਂ ਹੱਲਾਸ਼ੇਰੀ ਨਾਲ ਹੀ ਇਲਾਜ ਵੱਲ ਪ੍ਰੇਰਿਤ ਕਰਨਾ ਪੈਂਦਾ ਹੈ। ਹਲਕੇ ਡਿਪਰੈਸ਼ਨ ਲਈ ਆਮ ਤੌਰ ’ਤੇ ਦਵਾਈ ਦੀ ਲੋੜ ਨਹੀਂ ਹੁੰਦੀ। ਹਲਕੇ ਡਿਪਰੈਸ਼ਨ ’ਚ ਮਨੋਚਕਿਤਸਾ ਨਾਲ ਫ਼ਾਇਦਾ ਹੋ ਸਕਦਾ ਹੈ ਤੇ ਡਿਪਰੈਸ਼ਨ ਪੈਦਾ ਕਰਨ ਵਾਲੇ ਕਾਰਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਦਰਮਿਆਨੇ ਡਿਪਰੈਸ਼ਨ ’ਚ ਮਨੋਚਕਿਤਸਾ ਬਹੁਤ ਅਸਰਦਾਰ ਹੁੰਦੀ ਹੈ ਤੇ ਕਈ ਲੋਕ ਦਵਾਈ ਦੀ ਬਜਾਏ ਇਸ ਉਪਾਅ ਨੂੰ ਤਰਜੀਹ ਦਿੰਦੇ ਹਨ। ਮਨੋਚਕਿਤਸਾ ਉਸ ਨੂੰ ਕਹਿੰਦੇ ਹਨ ਜਦੋਂ ਤੁਸੀਂ ਮਨੋਵਿਗਿਆਨੀ ਨਾਲ ਬੈਠ ਕੇ ਆਪਣੀ ਹਾਲਤ ਤੇ ਉਸ ਨਾਲ ਸਬੰਧਤ ਮਸਲਿਆਂ ਬਾਰੇ ਗੱਲਬਾਤ ਕਰਦੇ ਹੋ। ਇਸ ਦੌਰਾਨ ਆਪਣੇ ਮੂਡ, ਭਾਵਨਾਵਾਂ, ਸੋਚਾਂ ਤੇ ਵਿਹਾਰ ਨੂੰ ਸਮਝ ਕੇ ਜ਼ਿੰਦਗੀ ’ਚ ਆ ਰਹੀਆਂ ਸਮੱਸਿਆਵਾਂ ਤੇ ਤਣਾਅ ਨੂੰ ਦੂਰ ਕਰਨ ਦਾ ਉਪਰਾਲਾ ਕਰੋ। ਜ਼ਿੰਦਗੀ ’ਚ ਹਮੇਸ਼ਾ ਖ਼ੁਸ਼ ਰਹਿਣਾ ਚਾਹੀਦਾ ਹੈ ਤੇ ਹਰ ਕਿਸੇ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ। ਜਦਂੋ ਕਿਸੇ ਰਿਸ਼ਤੇਦਾਰ, ਸੱਜਣ-ਮਿੱਤਰ ਜਾਂ ਸਹਿਯੋਗੀ ਨੂੰ ਮਿਲੋ ਤਾਂ ਪੂਰੀ ਖ਼ੁੁਸੀ ਨਾਲ ਹਾਵ-ਭਾਵ ਪ੍ਰਗਟ ਕਰੋ। ਚਿੰਤਾ ਜਾ ਡਿਪਰੈਸ਼ਨ ਵਾਲੇ ਇਨਸਾਨ ਨਾਲ ਕੋਈ ਵੀ ਰਹਿਣਾ ਪਸੰਦ ਨਹੀਂ ਕਰਦਾ, ਜਦੋਂਕਿ ਖ਼ੁਸ਼ ਰਹਿਣ ਵਾਲੇ ਇਨਸਾਨ ਨਾਲ ਹਰ ਕੋਈ ਰਹਿਣਾ ਪਸੰਦ ਕਰਦਾ ਹੈ। ਇਸ ਲਈ ਛੋਟੀ ਜਿਹੀ ਜ਼ਿੰਦਗੀ ਨੂੰ ਹੱਸ-ਖੇਡ ਕੇ ਬਤੀਤ ਕਰਨਾ ਚਾਹੀਦਾ ਹੈ।
ਮਾਨਸਿਕ ਤੇ ਸਰੀਰਕ ਪ੍ਰਤੀਕਿਰਿਆ ਹੈ ਚਿੰਤਾ
ਚਿੰਤਾ ਮਾਨਸਿਕ ਤੇ ਸਰੀਰਕ ਪ੍ਰਤੀਕਿਰਿਆ ਹੈ, ਜੋ ਸਾਡੇ ਸੰਤੁਲਨ ਨੂੰ ਵਿਗਾੜਦੀ ਹੈ। ਚਿੰਤਾ ਇਹੋ ਜਿਹੀ ਸਥਿਤੀ ਹੈ, ਜੋ ਜ਼ਿੰਦਗੀ ’ਤੇ ਕਈ ਵਾਰ ਕਿਸੇ ਘਟਨਾ ਤੋਂ ਦਬਾਅ ਬਣਾ ਕੇ ਸਾਡੇ ਸਰੀਰ ’ਤੇ ਉਸ ਦੀ ਪ੍ਰਤੀਕਿਰਿਆ ਦਿਖਾਉਂਦੀ ਹੈ। ਉਸ ਦਾ ਇਨਸਾਨ ਦੇ ਮਨ, ਸਰੀਰ ਤੇ ਸੁਭਾਅ ਉੱਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ। ਜ਼ਿੰਦਗੀ ਚੁਣੌਤੀਆਂ ਭਰੀ ਖੇਡ ਹੈ। ਅਜੋਕੇ ਦੌਰ ’ਚ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਟੈਨਸ਼ਨ ਰਹਿੰਦੀ ਹੈ। ਕਿਸੇ ਨੂੰ ਆਪਣੇ ਕਾਰੋਬਾਰ, ਨੌਕਰੀ, ਬੇਰੁਜ਼ਗਾਰੀ ਤੇ ਕਿਸੇ ਨੂੰ ਬੱਚਿਆਂ ਦੀ ਪੜ੍ਹਾਈ ਦੀ ਟੈਨਸ਼ਨ ਰਹਿੰਦੀ ਹੈ। ਜੇ ਕਿਸੇ ਮੁਸੀਬਤ ਦਾ ਹੱਲ ਹੋ ਸਕਦਾ ਹੈ ਤਾਂ ਫਿਰ ਸਾਨੂੰ ਚਿੰਤਾ ਕਰਨ ਦੀ ਕੀ ਜ਼ਰੂਰਤ ਹੈ। ਜੇ ਕਿਸੇ ਮੁਸੀਬਤ ਦਾ ਹੱਲ ਕਦੇ ਵੀ ਨਹੀਂ ਹੋ ਸਕਦਾ ਤਾਂ ਫਿਰ ਵੀ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਚਿੰਤਾ ਕੀਤਿਆਂ ਕਿਹੜਾ ਹੱਲ ਹੋ ਜਾਣਾ ਹੈ।

Related posts

ਮਹਾਮਾਰੀ ਦੌਰਾਨ ਤਣਾਅ ਨੇ ਸੀਨੇ ’ਚ ਦਰਦ ਦੀ ਪਰੇਸ਼ਾਨੀ ਵਧਾਈ, ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ ਵਾਧੇ ਦਾ ਖ਼ਦਸ਼ਾ

On Punjab

ਜਾਣੋ ਡਿਪ੍ਰੈਸ਼ਨ ਦਾ ਜ਼ਿੰਦਗੀ ਦੀਆਂ ਘਟਨਾਵਾਂ ਨਾਲ ਸਬੰਧ, ਕਿਉਂ ਕਾਮਯਾਬੀ ਦੇ ਬਾਅਦ ਵੀ ਆਉਂਦਾ ਮੌਤ ਦਾ ਖਿਆਲ?

On Punjab

ਖੁਸ਼ ਰਹਿਣ ਲਈ ਰੋਜਾਨਾ ਕਰੋ ਅੱਧਾ ਘੰਟਾ ਡਾਂਸ

On Punjab