ਦੋਸਤੋ ਅੱਜ ਦੇ ਤਣਾਓ ਭਰਪੂਰ ਸਮੇਂ ਵਿੱਚ ਮਨੁੱਖ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਪਜਦੀਆਂ ਹਨ।ਇਹ ਸਮੱਸਿਆਵਾਂ ਕਿਸੇ ਦੁਆਰਾ ਪੈਦਾ ਕੀਤੀਆਂ ਨਹੀਂ ਬਲਕਿ ਮਨੁੱਖ ਦੁਆਰਾ ਖ਼ੁਦ ਪੈਦਾ ਕੀਤੀਆਂ ਜਾਂਦੀਆਂ ਹਨ। ਹਰ ਖੇਤਰ ਵਿੱਚ ਦੂਜਿਆਂ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਮਨੁੱਖ ਆਪਣੀਆਂ ਸਦਾਚਾਰਕ ਕਦਰਾਂ-ਕੀਮਤਾਂ ਭੁੱਲਦਾ ਜਾ ਰਿਹਾ ਹੈ। ਜਿੱਥੇ ਸਦਾਚਾਰਕ ਜੀਵਨ ਜੀਊਣ ਦੀ ਥਾਂ ਮਨੁੱਖ ਹਰ ਸਮੇਂ ਅੱਖਾਂ ਵਿੱਚ ਬਨਾਵਟੀ ਆਸ਼ਿਆਨੇ ਲੈ ਕੇ ਘੁੰਮ ਰਿਹਾ ਹੋਵੇ ਉੱਥੇ ਮਨ ਨੂੰ ਸਕੂਨ ਕਿੱਥੇ ਮਿਲ ਸਕਦਾ ਹੈ? ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਲਾਬ ਦੇ ਅਸਲੀ ਫੁੱਲ ਦੀ ਮਹਿਕ ਲੈਂਦਿਆਂ ਚਿਹਰੇ ਤੇ ਮੁਸਕਰਾਹਟ ਅਤੇ ਕਾਗਜ਼ੀ ਫੁੱਲ ਨੂੰ ਸੁੰਘਿਆਂ ਮੱਥੇ ਤੇ ਤਿਊੜੀ ਉੱਭਰ ਆਉਂਦੀ ਹੈ। ਪੁਰਾਣੇ ਲੋਕ ਅਮੀਰ ਨਹੀਂ ਪਰ ਅਸਲੀ ਜ਼ਿੰਦਗੀ ਜੀਊਂਦੇ ਸਨ ਤੇ ਉਨ੍ਹਾਂ ਦੇ ਚਿਹਰੇ ਹਰ ਸਮੇਂ ਖਿੜੇ ਰਹਿੰਦੇ ਸਨ। ਇਸ ਤੋਂ ਉਲਟ ਅੱਜ ਦੀ ਬਨਾਵਟੀ ਸੁਪਨਿਆਂ ਦੀ ਦੁਨੀਆ ਨੇ ਮਨੁੱਖ ਦੇ ਮੱਥੇ ਤੇ ਤਿਊੜੀ ਹੀ ਉੱਕਰ ਦਿੱਤੀ ਹੈ।ਇਹ ਤਿਊੜੀ ਮਨੁੱਖ ਨੂੰ ਸਕੂਨ ਨਹੀਂ ਲੈਣ ਦਿੰਦੀ, ਜਿਸ ਨਾਲ ਉਸ ਦੇ ਅੰਦਰੋ-ਅੰਦਰ ਨਾਕਾਰਾਤਮਕਤਾ ਦਾ ਕੀੜਾ ਘੁਣ ਵਾਂਗੂੰ ਲੱਗ ਜਾਂਦਾ ਹੈ ਜੋ ਸਮਾਂ ਪੈਣ ਤੇ ਡੂੰਘੀ ਨਿਰਾਸ਼ਤਾ ਅਤੇ ਬਿਮਾਰੀਆਂ ਵੱਲ ਧੱਕਦਾ ਤੁਰਿਆ ਜਾਂਦਾ ਹੈ ।ਇਹੋ ਜਿਹੀ ਸਥਿਤੀ ਤੋਂ ਬਚਣ ਲਈ ਮਨੁੱਖ ਨੂੰ ਆਪਣੇ ਅੰਦਰ ਸਕਾਰਾਤਮਕ ਸੋਚ ਪੈਦਾ ਕਰਨ ਦੀ ਲੋੜ ਹੈ।
