ਤਰਨਤਾਰਨ- ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਪੰਜਾਬ ਪੁਲੀਸ ਨੇ ਵੀਰਵਾਰ ਨੂੰ ਤਰਨਤਾਰਨ ਸਰਹੱਦੀ ਖੇਤਰ ਤੋਂ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਦੇ ਅਨੁਸਾਰ ਸਰਹੱਦੀ ਜ਼ਿਲ੍ਹੇ ਵਿੱਚ ਇੱਕ ਸ਼ੱਕੀ ਪੈਕੇਟ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਇੱਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਇਹ ਬਰਾਮਦਗੀ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਸ਼ੱਕੀ ਖੇਤਰ ਵਿੱਚ ਇੱਕ ਵਿਆਪਕ ਸਰਚ ਆਪ੍ਰੇਸ਼ਨ ਕੀਤਾ।
ਇਸ ਦੌਰਾਨ ਅਧਿਕਾਰੀਆਂ ਨੂੰ ਸ਼ੱਕੀ ਹੈਰੋਇਨ ਦਾ 1 ਪੈਕੇਟ ਮਿਲਿਆ ਜਿਸਦਾ ਵਜ਼ਨ 549 ਗ੍ਰਾਮ ਸੀ। ਉਨ੍ਹਾਂ ਦੱਸਿਆ ਕਿ ਇਸ ਪੈਕੇਟ ਨਾਲ ਜੁੜੀ ਇੱਕ ਤਾਂਬੇ ਦੀ ਤਾਰ ਦਾ ਲੂਪ ਇਸਨੂੰ ਡਰੋਨ ਰਾਹੀਂ ਸੁੱਟਣ ਦੇ ਮਾਮਲੇ ਵਜੋਂ ਦਰਸਾਉਂਦਾ ਹੈ। ਇਸ ਤੋਂ ਪਹਿਲਾਂ 12 ਮਾਰਚ ਨੂੰ ਬੀਐੱਸਐੱਫ ਅਤੇ ਪੰਜਾਬ ਪੁਲੀਸ ਦੇ ਇੱਕ ਹੋਰ ਸਾਂਝੇ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ 3 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਅਤੇ ਦੋ ਪਿਸਤੌਲ ਬਰਾਮਦ ਕੀਤੇ ਸਨ।