ਤਾਇਵਾਨ ਨੂੰ ਡਰਾਉਣ ਦੀ ਕਰਤੂਤ ਤੋਂ ਚੀਨ ਬਾਜ਼ ਨਹੀਂ ਆ ਰਿਹਾ। ਉਸ ਦੇ ਲੜਾਕੂ ਜਹਾਜ਼ਾਂ ਨੇ ਵੀਰਵਾਰ ਨੂੰ ਮੁੜ ਤੋਂ ਤਾਇਵਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਸ ਮਹੀਨੇ ਛੇਵੀਂ ਵਾਰ ਚੀਨੀ ਲੜਾਕੂ ਜਹਾਜ਼ਾਂ ਨੇ ਇਸ ਇਲਾਕੇ ’ਚ ਘੁਸਪੈਠ ਕੀਤੀ ਹੈ। ਚੀਨ ਇਸ ਖੇਤਰ ਨੂੰ ਆਪਣਾ ਮੰਨਦਾ ਹੈ ਤੇ ਇਸ ’ਤੇ ਜ਼ਬਰੀ ਕਬਜ਼ੇ ਦੀ ਧਮਕੀ ਵੀ ਦੇ ਚੁੱਕਾ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਨੇ ਤਾਇਵਾਨ ਦੇ ਰੱਖਿਆ ਮੰਤਰਾਲਾ ਦੇ ਬਿਆਨ ਦੇ ਹਵਾਲੇ ਤੋਂ ਦੱਸਿਆ ਕਿ ਚੀਨੀ ਹਵਾਈ ਫ਼ੌਜ ਦੇ ਸੱਤ ਲੜਾਕੂ ਜਹਾਜ਼ ਹਵਾਈ ਤਾਇਵਾਨ ਖੇਤਰ ’ਚ ਵੜ੍ਹ ਗਏ ਸਨ। ਇਨ੍ਹਾਂ ’ਚ ਦੋ ਜੇ-16, ਚਾਰ ਜੇ-7 ਅਤੇ ਇਕ ਵਾਈ-8 ਇਲੈਕਟ੍ਰਿਕ ਲੜਾਕੂ ਜਹਾਜ਼ ਹੈ।
ਇਸ ਦੀ ਜਾਣਕਾਰੀ ਮਿਲਦੇ ਹੀ ਤਾਇਵਾਨ ਦੇ ਲੜਾਕੂ ਜਹਾਜ਼ਾਂ ਨੂੰ ਰਵਾਨਾ ਕੀਤਾ ਗਿਆ ਜਿਸ ਤੋਂ ਬਾਅਦ ਚੀਨੀ ਜਹਾਜ਼ ਵਾਪਸ ਚਲੇ ਗਏ। ਦੋ ਦਿਨ ਪਹਿਲਾਂ ਵੀ ਚੀਨ ਦੇ 28 ਲੜਾਕੂ ਜਹਾਜ਼ਾਂ ਨੇ ਤਾਇਵਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ। ਇਸ ਮਹੀਨੇ ਹੁਣ ਤਕ ਛੇ ਵਾਰ ਇਸ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ। ਚੀਨ ਇਸ ਖੇਤਰ ਨੂੰ ਹਾਸਲ ਕਰਨ ਲਈ ਅਕਸਰ ਹੀ ਇਸ ਤਰ੍ਹਾਂ ਦੀ ਹਰਕਤ ਕਰਦਾ ਰਹਿੰਦਾ ਹੈ।