ਯੂਕਰੇਨ ‘ਤੇ ਰੂਸੀ ਹਮਲੇ ਦੇ ਮੱਦੇਨਜ਼ਰ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੀਨ ਤਾਈਵਾਨ ‘ਚ ਅਜਿਹੀ ਹਮਲਾਵਰ ਕਾਰਵਾਈ ਨਾ ਕਰ ਦੇਵੇ। ਇਨ੍ਹਾਂ ਖ਼ਦਸ਼ਿਆਂ ਵਿਚਕਾਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੀਨੀ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਤਾਈਵਾਨ ਚੀਨ ਦਾ ਅਨਿੱਖੜਵਾਂ ਅੰਗ ਹੈ ਤੇ ਆਖਰਕਾਰ ਮਾਤ ਭੂਮੀ ਦੀਆਂ ਬਾਹਾਂ ਵਿੱਚ ਵਾਪਸ ਆ ਜਾਵੇਗਾ। ਚੀਨ ਦੇ ਇਸ ਬਿਆਨ ਨੇ ਕੌਮਾਂਤਰੀ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ।
ਨਿਊਜ਼ ਏਜੰਸੀ ਆਈਏਐਨਐੱਸ ਦੀ ਰਿਪੋਰਟ ਮੁਤਾਬਕ ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਦੀਆਂ ਕੁਝ ਤਾਕਤਾਂ ਤਾਇਵਾਨ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਇਕ ਚੀਨ ਨੀਤੀ ਲਈ ਚੁਣੌਤੀਆਂ ਪੇਸ਼ ਕਰਦਾ ਹੈ। ਵਾਂਗ ਯੀ ਨੇ ਕਿਹਾ ਕਿ ਚੀਨ ਨੂੰ ਕੰਟਰੋਲ ਕਰਨ ਲਈ ਤਾਈਵਾਨ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਣਗੀਆਂ। ਚੀਨ ਅਮਰੀਕਾ ਦੇ ਵਧਦੇ ਦਬਾਅ ਦੇ ਖਿ਼ਲਾਫ਼ ਆਪਣੀ ਰਾਸ਼ਟਰੀ ਪ੍ਰਭੂਸੱਤਾ ਦੀ ਮਜ਼ਬੂਤੀ ਨਾਲ ਰੱਖਿਆ ਕਰੇਗਾ। ਚੀਨ ਇਸ ਦੇ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹੈ।
ਇਸ ਦੇ ਨਾਲ ਹੀ ਤਾਈਵਾਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਰੂਸੀ ਹਮਲਾਵਰਾਂ ਖਿਲਾਫ ਲੜ ਰਹੇ ਯੂਕਰੇਨੀਆਂ ਨੇ ਤਾਇਵਾਨ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਜੋਸੇਫ ਵੂ ਨੇ ਕਿਹਾ ਕਿ ਵੱਡੇ ਦੇਸ਼ ਦੇ ਹਮਲੇ ਦੇ ਬਾਵਜੂਦ ਯੂਕਰੇਨ ਦੀ ਸਰਕਾਰ ਤੇ ਲੋਕ ਬੇਹੱਦ ਹਿੰਮਤ ਤੇ ਦ੍ਰਿੜ ਇਰਾਦੇ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ- ਤੁਸੀਂ (ਯੂਕਰੇਨੀਅਨ) ਵੀ ਤਾਈਵਾਨ ਦੇ ਲੋਕਾਂ ਲਈ ਤਾਨਾਸ਼ਾਹੀ ਧਮਕੀਆਂ ਅਤੇ ਜ਼ਬਰਦਸਤੀ ਦਾ ਸਾਹਮਣਾ ਕਰਨ ਲਈ ਇੱਕ ਪ੍ਰੇਰਨਾ ਹੋ। ਤਾਈਵਾਨ ਇਸ ਸੰਕਟ ਵਿੱਚ ਯੂਕਰੇਨ ਦੇ ਨਾਲ ਖੜ੍ਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਤਾਈਵਾਨ ‘ਚ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਵਧ ਰਹੀਆਂ ਹਨ। ਚੀਨੀ ਲੜਾਕੂ ਜਹਾਜ਼ ਅਕਸਰ ਤਾਈਵਾਨੀ ਖੇਤਰ ਵਿੱਚ ਘੁਸਪੈਠ ਕਰਦੇ ਦੇਖੇ ਜਾਂਦੇ ਹਨ। ਪਿਛਲੇ ਸਾਲ ਸਤੰਬਰ ਤੋਂ ਚੀਨੀ ਲੜਾਕੂ ਜਹਾਜ਼ ਲਗਾਤਾਰ ਤਾਇਵਾਨ ਦੇ ਹਵਾਈ ਖੇਤਰ ਵਿੱਚ ਘੁਸਪੈਠ ਕਰ ਰਹੇ ਹਨ। ਤਾਈਵਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਚੀਨੀ ਫ਼ੌਜੀ ਜਹਾਜ਼ਾਂ ਨੇ ਪਿਛਲੇ 239 ਦਿਨਾਂ ਵਿੱਚ ਲਗਪਗ 961 ਅਜਿਹੀਆਂ ਘੁਸਪੈਠੀਆਂ ਕੀਤੀਆਂ ਹਨ। ਦੂਜੇ ਪਾਸੇ ਅਮਰੀਕਾ ਤਾਇਵਾਨ ਦੀ ਫ਼ਜੀ ਸਾਜ਼ੋ-ਸਾਮਾਨ ਦੀ ਲਗਾਤਾਰ ਮਦਦ ਕਰ ਰਿਹਾ ਹੈ।