ਨਵੀਂ ਦਿੱਲੀ-ਆਪਣੇ ਤੇਜ਼ ਉਭਾਰ ਨੂੰ ਜਾਰੀ ਰੱਖਦਿਆਂ ਵਿਸ਼ਵ ਚੈਂਪੀਅਨ ਡੀ ਗੁਕੇਸ਼ (world champion D Gukesh) ਵੀਰਵਾਰ ਨੂੰ ਜਾਰੀ ਤਾਜ਼ਾ ਫਿਡੇ (FIDE) ਰੈਂਕਿੰਗ ਵਿੱਚ ਚੌਥਾ ਸਥਾਨ ਹਾਸਲ ਕਰ ਕੇ ਸਿਖਰਲੀ ਦਰਜਾਬੰਦੀ ਵਾਲਾ ਭਾਰਤੀ ਸ਼ਤਰੰਜ ਖਿਡਾਰੀ ਬਣ ਗਿਆ ਹੈ। ਉਸ ਨੇ ਭਾਰਤ ਵਿਚ ਸਿਖਰਲਾ ਦਰਜਾ ਹਾਸਲ ਕਰਦਿਆਂ ਇਸ ਦਰਜੇ ਤੋਂ ਹਮਵਤਨੀ ਅਰਜੁਨ ਏਰੀਗਿਆਸੀ (Arjun Erigiasi) ਨੂੰ ਪਛਾੜ ਦਿੱਤਾ ਹੈ।
ਗੁਕੇਸ਼ (18 ਸਾਲ) ਨੇ ਇਹ ਪ੍ਰਾਪਤੀ ਉਦੋਂ ਹਾਸਲ ਕੀਤੀ ਜਦੋਂ ਉਸ ਨੇ ਵਿਜਕ ਆਨ ਜ਼ੀ (ਨੀਦਰਲੈਂਡਜ਼) ਵਿੱਚ ਟਾਟਾ ਸਟੀਲ ਟੂਰਨਾਮੈਂਟ ਦੌਰਾਨ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ। ਗੁਕੇਸ਼ ਨੂੰ ਹਾਲ ਹੀ ਵਿੱਚ ਧਿਆਨ ਚੰਦ ਖੇਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਸ ਨੇ 2784 ਰੇਟਿੰਗ ਅੰਕ ਜੋੜੇ ਹਨ, ਜਦੋਂਕਿ ਲੰਬੇ ਸਮੇਂ ਤੋਂ ਸਭ ਤੋਂ ਉੱਚਾ ਦਰਜਾ ਪ੍ਰਾਪਤ ਭਾਰਤੀ ਸੀ ਚਲਿਆ ਆ ਰਿਹਾ ਏਰੀਗਾਈਸੀ 2779.5 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਖਿਸਕ ਗਿਆ ਹੈ।
ਕੌਮਾਂਤਰੀ ਸ਼ਤਰੰਜ ਫੈਡੇਰੇਸ਼ਨ (Federation Internationale des Echecs – FIDE) ਦਰਜਾਬੰਦੀ ਵਿਚ ਨਾਰਵੇ ਦਾ ਮੈਗਨਸ ਕਾਰਲਸਨ (Norway’s Magnus Carlsen) 2832.5 ਅੰਕਾਂ ਨਾਲ ਬਿਨਾਂ ਕਿਸੇ ਵਿਵਾਦ ਦੇ ਆਲਮੀ ਅੱਵਲ ਦਰਜਾ ਖਿਡਾਰੀ ਬਣਿਆ ਹੋਇਆ ਹੈ। ਉਸ ਤੋਂ ਬਾਅਦ ਦੂਜੇ ਨੰਬਰ ਉਤੇ 2802 ਅੰਕਾਂ ਨਾਲ ਅਮਰੀਕਾ ਦਾ ਗ੍ਰੈਂਡਮਾਸਟਰ ਹਿਕਾਰੂ ਨਾਕਾਮੁਰਾ (Hikaru Nakamura) ਹੈ, ਜਦੋੀਕਿ ਤੀਜੇ ਨੰਬਰ ਉਤੇ ਉਸੇ ਦਾ ਹਮਵਤਨੀ ਫੈਬੀਆਨੋ ਕਾਰੂਆਨਾ (Fabiano Caruana) ਹੈ, ਜਿਸ ਦੇ 2798 ਰੈਂਕਿੰਗ ਅੰਕ ਹਨ।
ਗੁਕੇਸ਼ ਉਦੋਂ ਤੋਂ ਹੀ ਸ਼ਾਨਦਾਰ ਫਾਰਮ ਵਿੱਚ ਹੈ ਜਦੋਂ ਉਸ ਨੇ ਪਿਛਲੇ ਸਾਲ ਦਸੰਬਰ ਵਿੱਚ ਸਿੰਗਾਪੁਰ ਵਿੱਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਆਲਮੀ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਾਅਦ ਉਸ ਨੇ ਵਤਨ ਵਾਪਸੀ ‘ਤੇ ਸਮਾਗਮਾਂ ਅਤੇ ਤਿਉਹਾਰਾਂ ਵਿੱਚ ਸ਼ਾਮਲ ਹੋਣ ਲਈ ਖੇਡ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਲਈ ਸੀ ਅਤੇ ਇਸ ਕਾਰਨ ਨਿਊਯਾਰਕ ਵਿੱਚ ਵਿਸ਼ਵ ਰੈਪਿਡ ਅਤੇ ਬਲਿਟਜ਼ ਚੈਂਪੀਅਨਸ਼ਿਪ ਛੱਡ ਦਿੱਤੀ ਸੀ।
ਇਸ ਤੋਂ ਬਾਅਦ ਉਸ ਨੇ ਵਿਜਕ ਆਨ ਜ਼ੀ ਵਿੱਚ ਬੋਰਡ ਉਤੇ ਵਾਪਸੀ ਕਰਦਿਆਂ ਇੱਕ ਵੀ ਗੇਮ ਨਹੀਂ ਹਾਰੀ ਹੈ। ਟੂਰਨਾਮੈਂਟ ਵਿੱਚ ਉਸ ਦੀਆਂ ਹੁਣ ਤੱਕ ਦੋ ਜਿੱਤਾਂ ਅਤੇ ਤਿੰਨ ਡਰਾਅ ਹਨ, ਜਿਸ ਵਿੱਚ ਅੱਠ ਗੇੜ ਹਾਲੇ ਬਾਕੀ ਹਨ।
ਏਰੀਗਿਆਸੀ ਪਿਛਲੇ ਸਾਲ ਸਤੰਬਰ ਵਿੱਚ ਭਾਰਤ ਦਾ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਬਣਿਆ ਸੀ ਅਤੇ ਦਸੰਬਰ ਵਿੱਚ ਉਸਨੇ 2801 ਅੰਕਾਂ ਨਾਲ ਆਪਣੀ ਸਿਖਰਲੀ ਰੇਟਿੰਗ ਪ੍ਰਾਪਤ ਕੀਤੀ ਸੀੇ। ਇਸ ਰੈਂਕਿੰਗ ਨੇ ਉਸ ਨੂੰ ਇਤਿਹਾਸ ਵਿੱਚ 15ਵਾਂ ਸਭ ਤੋਂ ਉੱਚਾ ਦਰਜਾ ਪ੍ਰਾਪਤ ਖਿਡਾਰੀ ਬਣਾਇਆ ਸੀ ਅਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੋਂ ਬਾਅਦ 2800 ਦੀ ਥ੍ਰੈਸ਼ਹੋਲਡ ਨੂੰ ਪਾਰ ਕਰਨ ਵਾਲਾ ਉਹ ਦੂਜਾ ਭਾਰਤੀ ਬਣਿਆ ਸੀ।