Trump wishes Kim Jong Un: ਵਾਸ਼ਿੰਗਟਨ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਬਾਰੇ ਅੰਤਰਰਾਸ਼ਟਰੀ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ । ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਜੋਂਗ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ । ਵ੍ਹਾਈਟ ਹਾਊਸ ਵਿਖੇ ਟਰੰਪ ਨੇ ਕਿਹਾ ਕਿ, “ਮੈਂ ਕਿਮ ਜੋਂਗ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ । ਉਸ ਨਾਲ ਸਾਡਾ ਚੰਗਾ ਰਿਸ਼ਤਾ ਹੈ । ਜੇ ਉਸਦੀ ਸਿਹਤ ਸੱਚਮੁੱਚ ਖਰਾਬ ਹੈ, ਜਿਵੇਂ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ, ਇਹ ਬਹੁਤ ਗੰਭੀਰ ਸਥਿਤੀ ਹੈ ।”
ਦਰਅਸਲ, ਕਈ ਮੀਡੀਆ ਰਿਪੋਰਟਾਂ ਵਿੱਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਤਾਨਾਸ਼ਾਹ ਕਿਮ ਜੋਂਗ ਬੀਮਾਰ ਹਨ ਤੇ ਉਨ੍ਹਾਂ ਦੀ ਸਥਿਤੀ ਗੰਭੀਰ ਹੈ । ਜਿਸ ਬਾਰੇ ਟਰੰਪ ਨੇ ਕਿਹਾ ਕਿ ਅਜਿਹੀਆਂ ਖਬਰਾਂ ਆਈਆਂ ਹਨ ਕਿ ਕਿਮ ਜੋਂਗ ਦੀ ਸਥਿਤੀ ਗੰਭੀਰ ਹੈ, ਪਰ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ । ਉਨ੍ਹਾਂ ਕਿਹਾ ਕਿ ਮੇਰੇ ਉਨ੍ਹਾਂ ਨਾਲ ਚੰਗੇ ਸਬੰਧ ਹਨ ਅਤੇ ਮੈਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ । ਟਰੰਪ ਨੇ ਅੱਗੇ ਕਿਹਾ ਕਿ ਜੇਕਰ ਅਸਲ ਵਿੱਚ ਹੀ ਉਨ੍ਹਾਂ ਦੀ ਅਜਿਹੀ ਹਾਲਤ ਹੈ ਜਿਵੇਂ ਕਿ ਰਿਪੋਰਟ ਵਿੱਚ ਦੱਸੀ ਗਈ ਹੈ ਤਾਂ ਇਹ ਕਾਫੀ ਗੰਭੀਰ ਹੈ ।
ਟਰੰਪ ਨੇ ਕਿਹਾ ਕਿ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਯੁੱਧ ਵਰਗੇ ਹਾਲਾਤ ਹੁੰਦੇ ਜੇਕਰ ਉੱਥੇ ਕਿਮ ਜੋਂਗ ਦੀ ਥਾਂ ਕੋਈ ਹੋਰ ਨੇਤਾ ਹੁੰਦਾ । ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਗੰਭੀਰ ਰੂਪ ਵਿੱਚ ਬੀਮਾਰ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ । ਅਮਰੀਕੀ ਮੀਡੀਆ ਵਿੱਚ ਕਿਮ ਜੋਂਗ ਉਨ ਦੇ ਬ੍ਰੇਨ ਡੈੱਡ ਹੋਣ ਦੀ ਵੀ ਅਟਕਲਾਂ ਤੇਜ਼ ਹੋ ਗਈਆਂ ਹਨ । ਮੀਡੀਆ ਰਿਪੋਰਟਾਂ ਅਨੁਸਾਰ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਬੀਤੇ ਦਿਨੀਂ ਦਿਲ ਦੀ ਸਰਜਰੀ ਹੋਈ ਹੈ, ਜੋ ਕਿ ਸਫ਼ਲ ਨਹੀਂ ਰਹੀ । ਉਨ੍ਹਾਂ ਦੀ ਹਾਲਤ ਇਸ ਸਮੇਂ ਕਾਫ਼ੀ ਖ਼ਰਾਬ ਹੈ ਅਤੇ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਾਰਡੀਉਵਸਕੁਲਰ ਕਾਰਨ ਇਲਾਜ ਚੱਲ ਰਿਹਾ ਸੀ, ਸਥਿਤੀ ਖਰਾਬ ਹੋਣ ‘ਤੇ ਹੀ ਉਸਦੀ ਸਰਜਰੀ ਹੋਈ ਸੀ ਪਰ ਉਨ੍ਹਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਹੈ । ਕਿਮ ਜੋਂਗ ਉਨ ਨੂੰ ਆਖਰੀ ਵਾਰ 11 ਅਪ੍ਰੈਲ ਨੂੰ ਜਨਤਕ ਰੂਪ ਵਿੱਚ ਵੇਖਿਆ ਗਿਆ ਸੀ । ਜਿਸ ਵਿੱਚ ਉਨ੍ਹਾਂ ਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਕੋਰੋਨਾ ਵਾਇਰਸ ਸਬੰਧੀ ਸਖ਼ਤ ਜਾਂਚ ਦੇ ਆਦੇਸ਼ ਦਿੱਤੇ ਸਨ । ਇੰਨਾ ਹੀ ਨਹੀਂ ਉਹ 14 ਅਪ੍ਰੈਲ ਨੂੰ ਮਿਜ਼ਾਈਲ ਟੈਸਟ ਦੇ ਪ੍ਰੋਗਰਾਮ ਤੋਂ ਵੀ ਗੈਰ-ਹਾਜ਼ਰ ਰਹੇ ਸਨ ।