ਤਾਮਿਲਨਾਡੂ ਦੀ ਸੀ. ਕਵੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਪੰਵਾਰ ਨੇ ਐਤਵਾਰ ਨੂੰ ਇੱਥੇ ਕੌਮੀ ਨਿਸ਼ਾਨੇਬਾਜ਼ੀ ਟੀ-2 ਟ੍ਰਾਇਲ ‘ਚ ਕ੍ਰਮਵਾਰ ਮਹਿਲਾ ਤੇ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਜਿੱਤੇ। ਰਕਸ਼ਣਾ ਨੇ ਵਿਸ਼ਵ ਰੈਂਕਿੰਗ ਦੀ ਮੌਜੂਦਾ ਨੰਬਰ ਇਕ ਨਿਸ਼ਾਨੇਬਾਜ਼ ਏਲਾਵੇਨਿਲ ਵਲਾਰਿਵਨ ਨਾਲ ਹੀ ਟੋਕੀਓ ਓਲੰਪਿਕ ਦੀ ਕੋਟਾ ਧਾਰਕ ਅਪੂਰਵੀ ਚੰਦੇਲਾ ਤੇ ਅੰਜੁਮ ਮੌਦਗਿਲ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ।
ਉਨ੍ਹਾਂ ਰਾਜਸਥਾਨ ਦੀ ਨਿਸ਼ਾ ਕੰਵਰ ਨੂੰ ਪਿੱਛੇ ਛੱਡਦੇ ਹੋਏ ਫਾਈਨਲਜ਼ ‘ਚ 251.4 ਅੰਕ ਹਾਸਲ ਕੀਤੇ। ਟ੍ਰਾਈਲਸ ਦੇ ਟੀ-1 ‘ਚ ਜਿੱਤ ਦਰਜ ਕਰਨ ਵਾਲੀ ਗੁਜਰਾਤ ਦੀ ਏਲਾਵੇਨਿਲ ਇਸ ਮੁਕਾਬਲੇ ‘ਚ ਤੀਸਰੇ ਨੰਬਰ ‘ਤੇ ਰਹੀ। ਇਸ ਤੋਂ ਪਹਿਲਾਂ ਕੁਆਲੀਫਾਇੰਗ ਦੇ 60 ਨਿਸ਼ਾਨਿਆਂ ਤੋਂ ਬਾਅਦ ਨਿਸ਼ਾ 630.7 ਅੰਕਾਂ ਨਾਲ ਚੋਟੀ ‘ਤੇ ਸੀ ਜਦੋਂ ਕਿ ਰਕਸ਼ਣਾ 627.7 ਅੰਕਾਂ ਨਾਲ ਸੱਤਵੇਂ ਨੰਬਰ ‘ਤੇ ਸੀ। ਹਾਲਾਂਕਿ ਫਾਈਨਲਜ਼ ‘ਚ ਰਕਸ਼ਣਾ ਸ਼ੁਰੂਆਤ ‘ਚ ਲੀਡ ਬਣਾ ਕੇ ਉਸ ਨੂੰ ਅਖੀਰ ਤਕ ਬਰਕਰਾਰ ਰੱਖਣ ‘ਚ ਸਫਲ ਰਹੀ।
ਪੁਰਸ਼ਾਂ ਦੇ ਮੁਕਾਬਲੇ ‘ਚ ਪੰਜਾਬ ਦੇ ਅਰਜੁਨ ਬਬੁਤਾ ਕੁਆਲੀਫਿਕੇਸ਼ਨ ‘ਚ 632.1 ਅੰਕਾਂ ਨਾਲ ਚੋਟੀ ‘ਤੇ ਸਨ ਪਰ ਅੱਠ ਖਿਡਾਰੀਆਂ ਦੇ ਫਾਈਨਲਜ਼ ‘ਚ ਵਿਸ਼ਵ ਨੰਬਰ ਇਕ ਤੇ ਟੋਕੀਓ ਓਲੰਪਿਕ ਕੋਟਾਧਾਰਕ ਪੰਵਾਰ ਦਾ ਦਬਦਬਾ ਰਿਹਾ। ਉਹ 250.9 ਅੰਕ ਨਾਲ ਜੇਤੂ ਬਣੇ ਜਦੋਂਕਿ ਮਹਾਰਾਸ਼ਟਰ ਦੇ ਰੁਦਰਾਂਕਸ਼ ਪਾਟਿਲ 249.7 ਅੰਕਾਂ ਨਾਲ ਦੂਸਰੇ ਨੰਬਰ ‘ਤੇ ਰਹੇ।