ਚੇਨਈ- ਤਾਮਿਲਨਾਡੂ ਵਿੱਚ ਡੀਐੱਮਕੇ ਸਰਕਾਰ ਨੇ ਵੀਰਵਾਰ ਨੂੰ ਸਾਲ 2025-26 ਲਈ ਆਪਣੇ ਬਜਟ ਸਬੰਧੀ ਲੋਗੋ ਜਾਰੀ ਕੀਤਾ, ਜਿਸ ਵਿਚ ਭਾਰਤੀ ਰੁਪਏ ਦੇ ਚਿੰਨ੍ਹ ਦੀ ਥਾਂ ਤਾਮਿਲ ਅੱਖਰ ਲਗਾ ਦਿੱਤਾ ਗਿਆ ਹੈ। ਇਸ ਕਦਮ ’ਤੇ ਸੂਬਾਈ ਭਾਜਪਾ ਨੇ ਐੱਮਕੇ ਸਟਾਲਿਨ ਦੀ ਅਗਵਾਈ ਵਾਲੀ ਪਾਰਟੀ ’ਤੇ ਨਿਸ਼ਾਨਾ ਸਾਧਿਆ। ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥੇਨਾਰਾਸੂ ਸ਼ੁੱਕਰਵਾਰ ਨੂੰ 2025-26 ਲਈ ਬਜਟ ਪੇਸ਼ ਕਰਨ ਵਾਲੇ ਹਨ।
ਲੋਗੋ ‘ਤੇ ਰੁ ਲਿਖਿਆ ਹੋਇਆ ਸੀ, ਜੋ ਕਿ ਤਾਮਿਲ ਸ਼ਬਦ ‘ਰੁਬਾਈ’ ਦਾ ਪਹਿਲਾ ਅੱਖਰ ਹੈ, ਸਥਾਨਕ ਭਾਸ਼ਾ ਵਿੱਚ ਭਾਰਤੀ ਮੁਦਰਾ ਨੂੰ ਦਰਸਾਉਂਦਾ ਹੈ।
ਤਾਮਿਲਨਾਡੂ ਦੇ ਭਾਜਪਾ ਮੁਖੀ ਕੇ ਅੰਨਾਮਲਾਈ ਨੇ ਇਸ ਕਦਮ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਡੀਐੱਮਕੇ ਸਰਕਾਰ ਦਾ 2025-26 ਲਈ ਬਜਟ ਦੇ ਲੋਗੋ ਵਿਚ ਜਿਸ ਰੁਪਏ ਦੇ ਲੋਗੋ ਨੂੰ ਬਦਲਿਆ ਗਿਆ ਹੈ ਉਹ ਇਕ ਤਾਮਿਲ ਵੱਲੋਂ ਹੀ ਡਿਜ਼ਾਈਨ ਕੀਤਾ ਗਿਆ ਸੀ, ਜਿਸਨੂੰ ਸਾਡੀ ਮੁਦਰਾ ਵਿੱਚ ਸ਼ਾਮਲ ਕਰਨ ਉਪਰੰਤ ਹਰ ਭਾਰਤੀ ਵੱਲੋਂ ਅਪਣਾਇਆ ਗਿਆ ਸੀ।’’
ਤਾਮਿਲਨਾਡੂ ਸਰਕਾਰ ਵੱਲੋਂ ਇਹ ਬਦਲਾਅ ਕੇਂਦਰ ਅਤੇ ਤਾਮਿਲਨਾਡੂ ਵਿਚਕਾਰ ਭਾਸ਼ਾ ਵਿਵਾਦ ਦੇ ਵਿਚਕਾਰ ਸਾਹਮਣੇ ਆਇਆ ਹੈ।