‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਗੋਗੀ ਦਾ ਕਿਰਦਾਰ ਨਿਭਾਉਣ ਵਾਲੇ ਟੀਵੀ ਅਦਾਕਾਰ ਸਮਯ ਸ਼ਾਹ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਘਟਨਾ ਸਮਯ ਸ਼ਾਹ ਦੀ ਬੋਰੀਵਲੀ ਸਥਿਤ ਬਿਲਡਿੰਗ ਲਾਗੇ ਵਾਪਰੀ। ਕੁਝ ਲੜਕਿਆਂ ਨੇ ਸਮਯ ਸ਼ਾਹ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹਾਲੇ ਉਨ੍ਹਾਂ ਬਦਮਾਸ਼ ਮੁੰਡਿਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਬਿਲਡਿੰਗ ਦੀ ਸੀਸੀਟੀਵੀ ਫ਼ੁਟੇਜ ਮਿਲ ਗਈ ਹੈ, ਉਸ ਦੇ ਆਧਾਰ ’ਤੇ ਹੀ ਪੁਲਿਸ ਜਾਂਚ ਕਰ ਰਹੀ ਹੈ।
ਧਮਕੀ ਦੇਣ ਦੀ ਇਹ ਵਾਰਦਾਤ 27 ਅਕਤੂਬਰ ਨੂੰ ਵਾਪਰੀ ਹੈ। ਸਮਯ ਸ਼ਾਹ ਨੂੰ ਗੁੰਡਿਆਂ ਨੇ ਤੀਜੀ ਵਾਰ ਅਜਿਹੀ ਧਮਕੀ ਦਿੱਤੀ ਹੈ। ਉਨ੍ਹਾਂ ਬੋਰੀਵਲੀ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸੀਸੀਟੀਵੀ ਫ਼ੁਟੇਜ ਦੀ ਤਸਵੀਰ ਸ਼ੇਅਰ ਕੀਤੀ ਹੈ; ਜਿਸ ਵਿੱਚ ਇੱਕ ਬਦਮਾਸ਼ ਨਜ਼ਰ ਆ ਰਿਹਾ ਹੈ।
ਸਮਯ ਸ਼ਾਹ ਨੇ ਲਿਖਿਆ, ‘ਦੋ ਦਿਨ ਪਹਿਲਾਂ ਇਹ ਆਦਮੀ ਮੇਰੀ ਬਿਲਡਿੰਗ ’ਚ ਆਇਆ ਤੇ ਬਿਨਾ ਕਿਸੇ ਕਾਰਣ ਮੈਨੂੰ ਗਾਲ਼ਾਂ ਕੱਢਣ ਲੱਗਾ। ਮੈਂ ਉਸ ਨੂੰ ਪਛਾਣਦਾ ਨਹੀਂ। ਮੈਨੂੰ ਗਾਲ਼ਾਂ ਕੱਢਣ ਪਿੱਛੇ ਉਸ ਦਾ ਕੀ ਕਾਰਣ ਹੈ? ਉਸ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਮਾਰ ਸੁੱਟੇਗਾ। ਜੋ ਲੋਕ ਮੈਨੂੰ ਪਿਆਰ ਕਰਦੇ ਹਨ, ਮੈਂ ਉਨ੍ਹਾਂ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਕੁਝ ਹੋ ਜਾਂਦਾ ਹੈ, ਤਾਂ ਇਹ ਮੇਰੇ ਤੇ ਮੇਰੇ ਪਰਿਵਾਰ ਲਈ ਠੀਕ ਰਹੇਗਾ। ਧੰਨਵਾਦ।’
ਸਮਯ ਸ਼ਾਹ ਨੇ ਇੱਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਤ ਦੇ ਲਗਭਗ ਸਾਢੇ ਅੱਠ ਵੱਜੇ ਹੋਏ ਸਨ, ਜਦੋਂ ਉਹ ਸ਼ੂਟਿੰਗ ਖ਼ਤਮ ਕਰ ਕੇ ਆਪਣਾ ਬਿਲਡਿੰਗ ਵਿੱਚ ਪੁੱਜੇ ਸਨ। ਉਦੋਂ ਉਸ ਵਿਅਕਤੀ ਨੇ ਮੇਰੇ ਕੋਲ ਆ ਕੇ ਪਹਿਲਾਂ ਮੈਨੂੰ ਗਾਲ਼ਾਂ ਕੱਢੀਆਂ ਤੇ ਫਿਰ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਵਾਰਦਾਤ ਤੋਂ ਬਾਅਦ ਡਾਢੇ ਪ੍ਰੇਸ਼ਾਨ ਹਨ।