ਅਫ਼ਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਕਤਰ ਦੀ ਰਾਜਧਾਨੀ ਦੋਹਾ ਵਿਚ ਤੀਜੇ ਦਿਨ ਦੀ ਵਾਰਤਾ ਵਿਚ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਦੋਵਾਂ ਨੇ ਹੀ ਅੰਤਿਮ ਮਸੌਦੇ ਨੂੰ ਤਿਆਰ ਕਰਨ ‘ਤੇ ਵਿਚਾਰ ਕੀਤਾ। ਅਫ਼ਗਾਨ ਸਰਕਾਰ ਲਈ ਪਹਿਲੀ ਤਰਜੀਹ ਜੰਗਬੰਦੀ ਹੈ। ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਨੇ ਆਪਣੇ ਪ੍ਰਸਤਾਵ ਲਈ 22 ਬਿੰਦੂਆਂ ਨੂੰ ਤਿਆਰ ਕੀਤਾ ਹੈ। ਉਧਰ, ਅਫ਼ਗਾਨ ਸਰਕਾਰ ਦਾ ਜ਼ੋਰ ਸਭ ਤੋਂ ਪਹਿਲੇ ਜੰਗਬੰਦੀ ‘ਤੇ ਹੈ। ਉਸ ਦੀ ਇਹੀ ਸਭ ਤੋਂ ਪ੍ਰਮੁੱਖ ਮੰਗ ਹੈ।
ਅੱਤਵਾਦੀ ਸੰਗਠਨਾਂ ਨੇ ਇਸ ਵਾਰਤਾ ਵਿਚ ਆਪਣੇ ਸਾਥੀਆਂ ਨੂੰ ਕੈਦ ਤੋਂ ਮੁਕਤ ਕਰਨ ਦੇ ਪ੍ਰਸਤਾਵ ਨੂੰ ਸ਼ਾਮਲ ਨਹੀਂ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਸ ਸਮੱਸਿਆ ਨੂੰ ਅਮਰੀਕਾ ਨਾਲ ਹੱਲ ਕਰ ਲੈਣਗੇ। ਇਸ ਮਾਮਲੇ ਨੂੰ ਦੇਖਣ ਵਾਲੇ ਅਮਰੀਕਾ ਦੇ ਰੋਸ਼ ਵਿਲਸਨ ਨੇ ਕਿਹਾ ਹੈ ਕਿ ਤਾਲਿਬਾਨ ਦਾ ਮੰਨਣਾ ਹੈ ਕਿ ਦਸੰਬਰ ਦੇ ਮੱਧ ਵਿਚ ਉਸ ਨਾਲ ਹੋਣ ਵਾਲੀ ਬੈਠਕ ਵਿਚ ਇਸ ਵਿਸ਼ੇ ‘ਤੇ ਗੱਲਬਾਤ ਕੀਤੀ ਜਾਵੇਗੀ। ਸੱਤ ਹਜ਼ਾਰ ਤਾਲਿਬਾਨ ਕੈਦੀਆਂ ਦੀ ਰਿਹਾਈ ‘ਤੇ ਅਫ਼ਗਾਨ ਸਰਕਾਰ ਦੇ ਵਾਰਤਾਕਾਰਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਫ਼ਗਾਨ ਸਰਕਾਰ ਦੇ ਬੁਲਾਰੇ ਸੈਦਿਕ ਸਿੱਦੀਕੀ ਨੇ ਕਿਹਾ ਕਿ ਅਫ਼ਗਾਨ ਜਨਤਾ ਲਈ ਜੰਗਬੰਦੀ ਕੀਤੀ ਜਾਣਾ ਪਹਿਲੀ ਤਰਜੀਹ ਹੈ। ਵਾਰਤਾ ਦੀ ਸਫਲਤਾ ਲਈ ਦੋਵਾਂ ਹੀ ਪੱਖਾਂ ਨੂੰ ਲਚੀਲਾਪਨ ਰੱਖਣਾ ਚਾਹੀਦਾ ਹੈ।