ਤਿਲੰਗਾਨਾ- ਤਿਲੰਗਾਨਾ ਵਿੱਚ 22 ਫਰਵਰੀ ਨੂੰ ਐੱਸਐੱਲਬੀਸੀ ਸੁਰੰਗ ਢਹਿਣ ਮਗਰੋਂ ਉਸ ਵਿੱਚ ਫਸੇ ਅੱਠ ਵਰਕਰਾਂ ’ਚੋਂ ਇੱਕ ਦੀ ਲਾਸ਼ ਅੱਜ ਬਚਾਅ ਕਰਮੀਆਂ ਨੇ ਬਰਾਮਦ ਕਰ ਲਈ ਹੈ, ਜਦਕਿ ਬਾਕੀ ਸੱਤ ਦੀ ਭਾਲ ਜਾਰੀ ਹੈ। ਲਾਸ਼ਾਂ ਲੱਭਣ ਲਈ ਅੱਜ ਕੁੱਤਿਆਂ ਨੂੰ ਬਚਾਅ ਕਾਰਜਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਮਗਰੋਂ ਇਹ ਲਾਸ਼ ਬਰਾਮਦ ਹੋਈ ਹੈ। ਰਾਹਤ ਕਰਮੀਆਂ ਅਨੁਸਾਰ ਸੁਰੰਗ ਅੰਦਰ ਮਸ਼ੀਨ ਵਿੱਚ ਇਹ ਲਾਸ਼ ਫਸੀ ਹੋਈ ਸੀ। ਅਧਿਕਾਰੀ ਨੇ ਕਿਹਾ, ‘ਸਾਨੂੰ ਮਸ਼ੀਨ ’ਚ ਫਸੀ ਇਕ ਲਾਸ਼ ਮਿਲੀ ਹੈ, ਜਿਸ ਦਾ ਸਿਰਫ ਇੱਕ ਹੱਥ ਦਿਖਾਈ ਦੇ ਰਿਹਾ ਸੀ। ਬਚਾਅ ਕਰਮੀ ਲਾਸ਼ ਬਾਹਰ ਕੱਢਣ ਲਈ ਮਸ਼ੀਨ ਕੱਟ ਰਹੇ ਹਨ।
ਇਸ ਤੋਂ ਪਹਿਲਾਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਬਚਾਅ ਟੀਮਾਂ ਕੁੱਤਿਆਂ ਵੱਲੋਂ ਪਛਾਣੀਆਂ ਗਈਆਂ ਦੋ ਥਾਵਾਂ ’ਤੇ ਪੰਜ ਫੁੱਟ ਤੋਂ ਵੱਧ ਡੂੰਘਾਈ ਤੱਕ ਖੁਦਾਈ ਕਰਨਗੀਆਂ। ਉਨ੍ਹਾਂ ਕਿਹਾ ਕਿ ਖਦਸ਼ਾ ਹੈ ਕਿ ਵਰਕਰ ਟਨਲ ਬੋਰਿੰਗ ਮਸ਼ੀਨ (ਟੀਬੀਐੱਮ) ਦੀ ਦੂਜੀ ਪਰਤ ਵਿੱਚ ਫਸੇ ਹੋ ਸਕਦੇ ਹਨ। ਕੇਰਲ ਪੁਲੀਸ ਦੇ ਬੈਲਜੀਅਨ ਮੈਲੀਨੋਇਸ ਨਸਲ ਦੇ ਕੁੱਤੇ 15 ਫੁੱਟ ਦੀ ਡੂੰਘਾਈ ਤੱਕ ਸੁੰਘ ਸਕਦੇ ਹਨ। ਤਿਲੰਗਾਨਾ ਸਰਕਾਰ ਨੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 11 ਮਾਰਚ ਤੋਂ ਬਚਾਅ ਕਾਰਜਾਂ ਲਈ ਰੋਬੋਟ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਨੇ ਇੱਕ ਮੁੱਢਲੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਦੁਰਘਟਨਾ ਵਾਲੀ ਥਾਂ ’ਤੇ ਆਖਰੀ 70 ਮੀਟਰ ਵਿੱਚ ਬਚਾਅ ਕਾਰਜ ਬਹੁਤ ਸਾਵਧਾਨੀ ਨਾਲ ਕੀਤੇ ਜਾਣੇ ਚਾਹੀਦੇ ਹਨ। ਟੀਬੀਐੱਮ ਦੇ ਟੁਕੜੇ ਸੁਰੰਗ ਦੇ ਅੰਦਰ ਪਾਣੀ, ਮਿੱਟੀ ਅਤੇ ਪੱਥਰਾਂ ਵਿੱਚ ਰਲ ਗਏ ਹਨ, ਜੋ ਰਾਹਤ ਕਰਮੀਆਂ ਲਈ ਖ਼ਤਰਾ ਬਣ ਗਏ ਹਨ।