ਨਾਗਰਕੁਰਨੂਲ: ਤਿਲੰਗਾਨਾ ਵਿੱਚ ਅੰਸ਼ਕ ਤੌਰ ’ਤੇ ਢਹੀ ਐੱਸਐੱਲਬੀਸੀ ਪ੍ਰੋਜੈਕਟ ਦੀ ਸੁਰੰਗ ਵਿਚ ਬਚਾਅ ਕਾਰਜ 15ਵੇਂ ਦਿਨ ਵੀ ਜਾਰੀ ਹਨ। ਬਚਾਅ ਕਰਮਚਾਰੀ ਕੁੱਤਿਆਂ ਵੱਲੋਂ ਪਛਾਣੇ ਗਏ ਸਥਾਨਾਂ ’ਤੇ ਮਲਬਾ ਹਟਾ ਰਹੇ ਹਨ। ਜ਼ਿਕਰਯੋਗ ਹੈ ਕਿ 22 ਫਰਵਰੀ ਤੋਂ ਸੁਰੰਗ ਦੇ ਅੰਸ਼ਕ ਤੌਰ ’ਤੇ ਢਹਿਣ ਕਾਰਨ ਅੰਦਰ ਅੱਠ ਵਿਅਕਤੀ ਫਸੇ ਹੋਏ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਰਾਜ ਸਿੰਚਾਈ ਮੰਤਰੀ ਐਨ ਉੱਤਮ ਕੁਮਾਰ ਰੈਡੀ ਦੇ ਸੁਰੰਗ ਵਾਲੀ ਥਾਂ ਦਾ ਦੌਰਾ ਕਰਨ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਸੰਭਾਵਨਾ ਹੈ।
ਕੇਰਲ ਪੁਲੀਸ ਦੇ ਖੋਜੀ ਕੁੱਤੇ ਸ਼ੁੱਕਰਵਾਰ ਸਵੇਰੇ ਬਚਾਅ ਟੀਮਾਂ ਦੇ ਨਾਲ ਕਾਰਵਾਈ ਵਿੱਚ ਸ਼ਾਮਲ ਹੋਏ ਅਤੇ ਕੁੱਤਿਆਂ ਨੂੰ ਸੁਰੰਗ ਦੇ ਅੰਦਰ ਲਿਜਾਇਆ ਗਿਆ ਸੀ। ਇਸ ਮੌਕੇ ਐੱਨਡੀਆਰਐੱਫ, ਭਾਰਤੀ ਫੌਜ, ਜਲ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਹਿਰ ਰਾਹਤ ਕਾਰਜ ਵਿਚ ਲੱਗੇ ਹੋਏ ਹਨ।