ਦਿੱਲੀ ਦੀ ਤਿਹਾੜ ਜੇਲ੍ਹ ਬਦਨਾਮ ਅਪਰਾਧੀਆਂ ਲਈ ਮਸ਼ਹੂਰ ਹੈ। ਇੱਥੇ ਓਲੰਪਿਕ ‘ਚ ਸਿਲਵਰ ਮੈਡਲ ਜੇਤੂ ਸੁਸ਼ੀਲ ਕੁਮਾਰ, ਠੱਗ ਸੁਕੇਸ਼ ਚੰਦਰਸ਼ੇਖਰ, ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਤੇ ਹੋਰ ਵੱਡੇ ਤੇ ਹਾਈ-ਪ੍ਰੋਫਾਈਲ ਅਪਰਾਧੀ ਤੇ ਗੈਂਗਸਟਰ ਰਹਿੰਦੇ ਹਨ। ਪਰ ਇੱਥੇ ਸਮਰੱਥਾ ਤੋਂ ਵੱਧ ਕੈਦੀ ਬਣਨ ਕਾਰਨ ਜੇਲ੍ਹ ਪ੍ਰਸ਼ਾਸਨ ਪਰੇਸ਼ਾਨ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਕੈਦੀਆਂ ਦੀ ਸਮਰੱਥਾ ਤੋਂ ਢਾਈ ਗੁਣਾ ਕੈਦੀ ਹਨ, ਜਿਸ ਕਾਰਨ ਉਨ੍ਹਾਂ ਦੀ ਨਿਗਰਾਨੀ ਕਰਨੀ ਔਖੀ ਹੋ ਰਹੀ ਹੈ।
ਤਿਹਾੜ ਜੇਲ੍ਹ ਦੇ ਮੁੱਖ ਕੰਪਲੈਕਸ ਦਾ ਬੋਝ ਘਟਾਉਣ ਲਈ ਸਾਲ 2004 ਅਤੇ 2016 ‘ਚ ਰੋਹਿਣੀ ਅਤੇ ਮੰਡੋਲੀ ਵਿਖੇ ਦੋ ਹੋਰ ਜੇਲ੍ਹ ਕੰਪਲੈਕਸ ਬਣਾਏ ਗਏ ਸਨ ਪਰ ਹੁਣ ਕੈਦੀਆਂ ਦੀ ਗਿਣਤੀ ਨਿਰਧਾਰਤ ਹੱਦ ਤੋਂ ਵੱਧ ਗਈ ਹੈ। ਇਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਵੱਧ ਹੋਣ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਕਿਸੇ ਤਰ੍ਹਾਂ ਕਾਬੂ ਕਰ ਲਿਆ ਜਾਂਦਾ ਹੈ ਪਰ ਕਈ ਵਾਰ ਸਥਿਤੀ ਬੇਕਾਬੂ ਹੋ ਜਾਂਦੀ ਹੈ।
ਜੇਲ੍ਹਾਂ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਅਨੁਸਾਰ, ਦੁਨੀਆ ਦੇ ਸਭ ਤੋਂ ਵੱਡੇ ਜੇਲ੍ਹ ਕੰਪਲੈਕਸਾਂ ‘ਚੋਂ ਇਕ, ਤਿਹਾੜ ਜੇਲ੍ਹ ‘ਚ ਨੌਂ ਕੇਂਦਰੀ ਜੇਲ੍ਹਾਂ ਸ਼ਾਮਲ ਹਨ। ਇਨ੍ਹਾਂ ਵਿੱਚ 5,200 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ, ਪਰ ਇਸ ਵੇਲੇ ਇਨ੍ਹਾਂ ਕੇਂਦਰੀ ਜੇਲ੍ਹਾਂ ਵਿੱਚ 13,183 ਕੈਦੀ ਸਜ਼ਾ ਕੱਟ ਰਹੇ ਹਨ। ਜੇਲ੍ਹ ‘ਚ ਕੈਦੀਆਂ ਦੀ ਭੀੜ ਹੋਣ ਕਾਰਨ ਉਨ੍ਹਾਂ ਵਿਚਕਾਰ ਅਕਸਰ ਛੋਟੇ-ਮੋਟੇ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਉੱਥੇ ਹੀ ਢੁਕਵੀਂ ਨਿਗਰਾਨੀ ਰੱਖਣ ‘ਚ ਵੀ ਦਿੱਕਤ ਆ ਰਹੀ ਹੈ।
ਮੰਡੋਲੀ ‘ਚ ਛੇ ਕੇਂਦਰੀ ਜੇਲ੍ਹਾਂ ਹਨ, ਹਰੇਕ ਵਿੱਚ 1,050 ਕੈਦੀਆਂ ਦੀ ਸਮਰੱਥਾ ਹੈ। ਪਰ ਇੱਥੇ 2,037 ਕੈਦੀ ਰਹਿ ਰਹੇ ਹਨ। ਰੋਹਿਣੀ ਸਥਿਤ ਇਸ ਦੀ ਇਕਲੌਤੀ ਕੇਂਦਰੀ ਜੇਲ੍ਹ ਦੀ ਸਮਰੱਥਾ 3,776 ਕੈਦੀਆਂ ਦੀ ਹੈ, ਪਰ ਇਸ ਸਮੇਂ ਵੱਖ-ਵੱਖ ਅਪਰਾਧਾਂ ਲਈ 4,355 ਕੈਦੀ ਸਜ਼ਾ ਕੱਟ ਰਹੇ ਹਨ।
ਅਧਿਕਾਰੀ ਰੇਅ ਅਨੁਸਾਰ, ਤਿਹਾੜ ਜੇਲ੍ਹ ‘ਚ 10,026 ਕੈਦੀਆਂ ਦੀ ਮਨਜ਼ੂਰ ਸਮਰੱਥਾ ਦੇ ਮੁਕਾਬਲੇ 16 ਜੇਲ੍ਹਾਂ ‘ਚ ਕੈਦੀਆਂ ਦੀ ਕੁੱਲ ਆਬਾਦੀ ਲਗਪਗ 19,500 ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕੈਦੀਆਂ ਦੀ ਆਬਾਦੀ ‘ਚ ਲਗਾਤਾਰ ਵਾਧਾ ਹੋਇਆ ਹੈ। ਤਿਹਾੜ ਜੇਲ੍ਹ ‘ਚ ਕੈਦੀਆਂ ਵਿਚਾਲੇ ਝੜਪਾਂ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਅਜਿਹੀ ਹੀ ਇੱਕ ਘਟਨਾ ਵਿਚ ਇਕ ਕੈਦੀ ਦੀ ਵੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਤਿਹਾੜ ਸੈਂਟਰਲ ਜੇਲ੍ਹ ਨੰ. 5 ‘ਚ ਦੋਵਾਂ ਕੈਦੀਆਂ ਵਿਚਕਾਰ ਲੱਤਾਂ-ਮੁੱਕੇ ਵੀ ਚੱਲੇ। ਇਸ ‘ਚ ਇਕ ਕੈਦੀ ਦੇ ਸਿਰ ‘ਤੇ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।