Nirbhaya Case Convicts Last Wish: ਤਿਹਾੜ ਜੇਲ੍ਹ ਵਿੱਚ ਬੰਦ ਨਿਰਭਿਆ ਕੇਸ ਦੇ ਚਾਰੋਂ ਦੋਸ਼ੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਨੋਟਿਸ ਦੇ ਕੇ ਉਨ੍ਹਾਂ ਦੀ ਆਖ਼ਰੀ ਇੱਛਾ ਪੁੱਛੀ ਗਈ ਹੈ । ਮੀਡੀਆ ਰਿਪੋਰਟਾਂ ਮੁਤਾਬਕ ਚਾਰੇ ਦੋਸ਼ੀਆਂ ਨੂੰ ਬਾਕਾਇਦਾ ਨੋਟਿਸ ਦੇ ਕੇ ਜੇਲ੍ਹ ਪ੍ਰਸ਼ਾਸਨ ਨੇ ਪੁੱਛਿਆ ਕਿ 1 ਫਰ਼ਵਰੀ ਨੂੰ ਤੈਅ ਫਾਂਸੀ ਤੋਂ ਪਹਿਲਾਂ ਉਹ ਆਖ਼ਰੀ ਵਾਰ ਕਿਸ ਨੂੰ ਮਿਲਣਾ ਚਾਹੁੰਦੇ ਹਨ? ਆਪਣੇ ਨਾਂਅ ਦੀ ਜਾਇਦਾਦ ਕਿਸ ਦੇ ਨਾਂਅ ਟ੍ਰਾਂਸਫ਼ਰ ਕਰਵਾਉਣਾ ਚਾਹੁੰਦੇ ਹਨ? ਕੋਈ ਧਾਰਮਿਕ ਕਿਤਾਬ ਪੜ੍ਹਨੀ ਚਾਹੁੰਦੇ ਹਨ ਜਾਂ ਕਿਸੇ ਧਾਰਮਿਕ ਸ਼ਖ਼ਸੀਅਤ ਨੂੰ ਬੁਲਾਉਣਾ ਚਾਹੁੰਦੇ ਹਨ । ਜੇਕਰ ਉਹ ਇਸ ਤਰ੍ਹਾਂ ਦਾ ਕੁਝ ਵੀ ਚਾਹੁੰਦੇ ਹਨ ਤਾਂ ਉਹ ਇਹ ਸਭ 1 ਫ਼ਰਵਰੀਤੋਂ ਪਹਿਲਾਂ ਕਰ ਸਕਦੇ ਹਨ ।
ਉਥੇ ਹੀ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚਾਰੋਂ ਦੋਸ਼ੀਆਂ ਵੱਲੋਂ ਮੌਤ ਦੇ ਡਰ ਤੋਂ ਖਾਣਾ ਪੀਣਾ ਛੱਡ ਦਿੱਤਾ ਗਿਆ ਹੈ । ਜੇਲ੍ਹ ਸੂਤਰਾਂ ਅਨੁਸਾਰ ਚਾਰ ਦੋਸ਼ੀਆਂ ਵਿੱਚੋਂ ਇੱਕ ਵਿਨੇ ਨੇ ਫਾਂਸੀ ਦੇ ਡਰ ਕਾਰਨ ਦੋ ਦਿਨਾਂ ਤੱਕ ਖਾਣਾ ਨਹੀਂ ਖਾਧਾ । ਬੁੱਧਵਾਰ ਨੁੰ ਉਸ ਨੂੰ ਖਾਣਾ ਖਾਣ ਲਈ ਆਖਿਆ ਗਿਆ ਤਾਂ ਉਸਨੇ ਥੋੜ੍ਹਾ ਜਿਹਾ ਖਾਣਾ ਖਾ ਲਿਆ । ਉਸ ਤੋਂ ਇਲਾਵਾ ਦੂਜਾ ਦੋਸ਼ੀ ਪਵਨ ਵੀ ਬਹੁਤ ਘੱਟ ਖਾਣਾ ਖਾ ਰਿਹਾ ਹੈ, ਪਰ ਮੁਕੇਸ਼ ਤੇ ਅਕਸ਼ੇ ਆਮ ਵਾਂਗ ਖਾਣਾ ਖਾ ਰਹੇ ਹਨ ।
ਦੱਸ ਦੇਈਏ ਕਿ ਮੁਕੇਸ਼ ਆਪਣੀ ਫਾਂਸੀ ਨੂੰ ਟਾਲਣ ਲਈ ਆਪਣੇ ਬਚਾਅ ਵਿੱਚ ਸਾਰੇ ਕਾਨੂੰਨੀ ਦਾਅ-ਪੇਚ ਅਜ਼ਮਾ ਚੁੱਕਿਆ ਹੈ । ਉਸ ਦੀ ਰਹਿਮ ਦੀ ਪਟੀਸ਼ਨ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰੱਦ ਹੋ ਚੁੱਕੀ ਹੈ । ਜੇਲ ਸੂਤਰਾਂ ਅਨੁਸਾਰ ਇਨ੍ਹਾਂ ਚਾਰੇ ਦੋਸ਼ੀਆਂ ਨੂੰ ਤਿਹਾੜ ਦੇ ਜੇਲ੍ਹ ਨੰਬਰ 3 ਦੀਆਂ ਵੱਖੋ-ਵੱਖਰੀਆਂ ਕੋਠੜੀਆਂ ਵਿੱਚ ਰੱਖਿਆ ਗਿਆ ਹੈ । ਹਰੇਕ ਦੋਸ਼ੀ ਦੇ ਸੈੱਲ ਦੇ ਬਾਹਰ ਦੋ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰੇ ਦੋਸ਼ੀਆਂ ਲਈ ਕੁੱਲ 32 ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ ।
ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰਾਂ ਨੂੰ ਅਗਲੇ ਮਹੀਨੇ 1 ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਤੈਅ ਕੀਤੀ ਗਈ ਹੈ । ਜੇਕਰ ਇਸ ਵਿਚਾਲੇ ਇਨ੍ਹਾਂ ਵਿਚੋਂ ਕਿਸੇ ਵੱਲੋਂ ਵੀ ਰਹਿਮ ਪਟੀਸ਼ਨ ਪਾ ਦਿੱਤੀ ਗਈ ਤਾਂ ਫਿਰ ਇਹ ਮਾਮਲਾ ਹੋਰ ਅੱਗੇ ਵੱਧ ਸਕਦਾ ਹੈ. ਇਸ ਤੋਂ ਪਹਿਲਾਂ ਇਨ੍ਹਾਂ ਨੂੰ ਫਾਂਸੀ ‘ਤੇ ਲਟਕਾਉਣ ਲਈ ਇੱਕ ਟ੍ਰਾਈਲ ਵੀ ਕੀਤਾ ਜਾ ਚੁੱਕਿਆ ਹੈ ।
previous post