ਭਾਰਤ ਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ 18 ਜੂਨ ਨੂੰ ਇੰਗਲੈਂਡ ਦੇ ਸਾਊਥੈਂਪਟਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਖ਼ਿਤਾਬੀ ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ ਪਰ ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੈਟ ਦੀ ਵਿਸ਼ਵ ਚੈਂਪੀਅਨਸ਼ਿਪ ਦੇ ਜੇਤੂ ਦਾ ਫ਼ੈਸਲਾ ਤਿੰਨ ਫਾਈਨਲ ਮੈਚਾਂ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ। ਡਬਲਯੂਟੀਸੀ ਫਾਈਨਲ ਬਾਰੇ ਕਪਿਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਹੱਤਵਪੂਰਨ ਖ਼ਿਤਾਬ ਦਾ ਫ਼ੈਸਲਾ ਕਰਨ ਲਈ ਮੈਂ ਸਿਰਫ਼ ਇਕ ਮੈਚ ਦੀ ਥਾਂ ਵੱਧ ਮੈਚ ਪਸੰਦ ਕਰਦਾ। ਬੇਸ਼ੱਕ, ਇਨ੍ਹੀਂ ਦਿਨੀਂ ਕਿਸੇ ਮੈਚ ਦੀ ਤਿਆਰੀ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਇਸ ਨਾਲ ਉਨ੍ਹਾਂ ਹਾਲਾਤ ਵਿਚ ਕੁਝ ਮੈਚ ਖੇਡਣ ਵਿਚ ਮਦਦ ਮਿਲਦੀ ਹੈ ਪਰ ਇਹ ਕੋਈ ਬਹਾਨਾ ਨਹੀਂ ਹੋ ਸਕਦਾ। ਹੋ ਸਕਦਾ ਹੈ ਕਿ ਰੋਜਬਾਊਲ ਤੋਂ ਲਾਰਡਜ਼ ਬਿਹਤਰ ਸਥਾਨ ਹੁੰਦਾ ਕਿਉਂਕਿ ਇਸ ਮੈਦਾਨ ਦਾ ਮਹਾਨ ਇਤਿਹਾਸ ਹੈ। ਇੱਥੇ ਤਕ ਕਿ ਮਾਨਚੈਸਟਰ (ਓਲਟ ਟ੍ਰੈਫਰਡ) ਵੀ ਇਕ ਚੰਗਾ ਬਦਲ ਹੁੰਦਾ ਪਰ ਲਾਰਡਜ਼ ਵਿਚ ਜਿੱਤ ਦਾ ਜਸ਼ਨ ਮਨਾਉਣਾ ਕੁਝ ਵੱਖ ਹੀ ਹੈ। ਹਾਲਾਂਕਿ ਡਬਲਯੂਟੀਸੀ ਫਾਈਨਲ ਲਈ ਸਾਊਥੈਂਪਟਨ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਉਥੇ ਹੋਟਲ ਮੈਦਾਨ ਦਾ ਹੀ ਹਿੱਸਾ ਹੈ ਜਿਸ ਨਾਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਾਫੀ ਮਦਦ ਮਿਲੇਗੀ। ਕਪਿਲ ਤੋਂ ਜਦ ਪੁੱਿਛਆ ਗਿਆ ਕਿ ਕੀ ਟੈਸਟ ਚੈਂਪੀਅਨਸ਼ਿਪ ਦੇ ਵਿਚਾਰ ਨੇ ਉਨ੍ਹਾਂ ਨੂੰ ਆਕਰਸ਼ਤ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਬਿਲਕੁਲ ਹਾਂ, ਆਈਸੀਸੀ ਨੇ ਟੈਸਟ ਮੈਚਾਂ ਨੂੰ ਹਰਮਨਪਿਆਰਾ ਬਣਾਉਣ ਲਈ ਚੰਗਾ ਯਤਨ ਕੀਤਾ ਹੈ। ਮੈਨੂੰ ਯਕੀਨ ਹੈ ਕਿ ਦਰਸ਼ਕਾਂ ਨੂੰ ਚੰਗੀ ਕ੍ਰਿਕਟ ਦੇਖਣ ਨੂੰ ਮਿਲੇਗੀ ਪਰ ਮੈਨੂੰ ਲਗਦਾ ਹੈ ਕਿ ਤਿੰਨ ਟੈਸਟ ਦਾ ਫਾਈਨਲ ਬਹੁਤ ਬਿਹਤਰ ਹੁੰਦਾ। ਕਪਿਲ ਦੇਵ ਦੀ ਕਪਤਾਨੀ ਵਿਚ ਭਾਰਤ ਨੇ 1986 ਵਿਚ ਇੰਗਲੈਂਡ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤੀ ਸੀ। ਇਸ ਦੌਰਾਨ ਦਲੀਪ ਵੈਂਗਸਰਕਰ ਨੇ ਦੋ ਸੈਂਕੜੇ ਲਾਏ ਸਨ ਜਦਕਿ ਮੌਜੂਦਾ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਦੋ ਟੈਸਟ ਵਿਚ 16 ਵਿਕਟਾਂ ਲਈਆਂ ਸਨ। ਇਨ੍ਹਾਂ ਦੋਵਾਂ ਨੇ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਕਪਿਲ ਨੇ ਕਿਹਾ ਕਿ ਉਸ ਸੀਰੀਜ਼ ਵਿਚ ਅਸੀਂ ਸ਼ਾਨਦਾਰ ਕ੍ਰਿਕਟ ਖੇਡੀ ਸੀ।
ਰਿਸ਼ਭ ਪੰਤ ਨੂੰ ਨਿਭਾਉਣੀ ਚਾਹੀਦੀ ਹੈ ਚੰਗੀ ਭੂਮਿਕਾ :
ਕਪਿਲ ਲਈ ਇਕ ਖਿਡਾਰੀ ਦਾ ਨਿੱਜੀ ਪ੍ਰਦਰਸ਼ਨ ਕਾਫੀ ਮਾਅਨੇ ਰੱਖੇਗਾ। ਉਹ ਚਾਹੁੰਦੇ ਹਨ ਕਿ ਰਿਸ਼ਭ ਪੰਤ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਜਦ ਤੋਂ ਉਹ ਟੀਮ ਵਿਚ ਆਏ ਹਨ ਤਦ ਤੋਂ ਉਹ ਕਾਫੀ ਤਜਰਬੇਕਾਰ ਕ੍ਰਿਕਟਰ ਦਿਖਾਈ ਦਿੰਦੇ ਹਨ। ਅਜਿਹਾ ਲਗਦਾ ਹੈ ਕਿ ਉਨ੍ਹਾਂ ਕੋਲ ਆਪਣੇ ਸ਼ਾਟ ਖੇਡਣ ਲਈ ਵੱਧ ਸਮਾਂ ਹੈ ਤੇ ਜ਼ਾਹਰ ਹੈ ਕਿ ਉਨ੍ਹਾਂ ਕੋਲ ਬਹੁਤ ਸਾਰੇ ਸ਼ਾਟ ਹਨ ਪਰ ਇੰਗਲੈਂਡ ਵਿਚ ਖੇਡਣਾ ਚੁਣੌਤੀਪੂਰਨ ਹੋਵੇਗਾ। ਉਨ੍ਹਾਂ ਨੂੰ ਵਿਕਟ ‘ਤੇ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਤੇ ਹਰ ਗੇਂਦ ਨੂੰ ਹਿੱਟ ਕਰਨ ਲਈ ਨਹੀਂ ਦੇਖਣਾ ਚਾਹੀਦਾ।