ਪਿਛਲੇ 25 ਸਾਲਾਂ ਤੋਂ ਫਰਿਜ਼ਨੋ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਹਰ ਸਾਲ ਲੱਗ ਰਹੀਆਂ ਹਨ। ਬੇਸ਼ੱਕ ਇੱਥੇ ਪੰਜਾਬ ਵਰਗੇ ਪਿੱਪਲਾ ਜਾਂ ਬਰੋਟਿਆਂ ਦੀ ਛਾਂ ਨਹੀਂ ਹੈ ਪਰ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਤੇ ਪਰੰਪਰਾ ਮੁਤਾਬਕ ਮਨਾਈਆਂ ਜਾਂਦੀਆਂ ਤੀਆਂ ਕਾਰਨ ਮਾਹੌਲ ਪੰਜਾਬ ਵਰਗਾ ਹੀ ਹੋ ਜਾਂਦਾ ਹੈ।
ਬੀਤੇ ਸਾਲ ਤੀਆਂ ਦੀ ਮੋਢੀ ਗੁੱਡੀ ਸਿੱਧੂ ਦੀ ਅਚਾਨਕ ਕਾਰ ਹਾਦਸੇ ‘ਚ ਮੌਤ ਕਾਰਨ ਤੇ ਤੇ ਕੋਵਿੰਡ-19 ਦੀ ਮਹਾਮਾਰੀ ਕਰਕੇ ਤੀਆਂ ਬੇਸ਼ੱਕ ਨਹੀਂ ਲੱਗ ਸਕੀਆਂ ਸਨ ਪਰ ਪਰ ਇਸ ਸਾਲ ਗੁੱਡੀ ਸਿੱਧੂ ਦੀ ਯਾਦ ਨੂੰ ਸਮਰਪਤ, ਕੋਵਿੰਡ-19 ਦੀ ਭੇਟ ਚੜੇ ਸਮੂੰਹ ਇਨਸਾਨਾਂ ਤੇ ਭਾਰਤ ਵਿੱਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਤੀਆਂ ਲੱਗੀਆਂ। ਇੰਨ੍ਹਾਂ ਤੀਆਂ ‘ਚ ਮਰਦਾਂ ਨੂੰ ਆਉਣ ਦੀ ਮਨਾਹੀ ਹੁੰਦੀ ਹੈ। ਪੁਰਾਣੀ ਰਵਾਇਤੀ ਤਰੀਕੇ ਨਾਲ ਖੁੱਲ੍ਹੇ ਮੈਦਾਨ ‘ਚ ਲੱਗੀਆਂ ਇਨ੍ਹਾਂ ਤੀਆਂ ‘ਚ ਵੱਖ-ਵੱਖ ਸ਼ਹਿਰਾ ਤੋਂ ਆਈਆਂ ਬੀਬੀਆਂ ਭੈਣਾਂ ਨੇ ਵੱਖ-ਵੱਖ ਗਰੁੱਪਾਂ ‘ਚ ਗੀਤਾਂ ਤੇ ਗਿੱਧੇ ਦੇ ਮੁਕਾਬਲੇ ‘ਚ ਹਿੱਸਾ ਲਿਆ। ਤੀਆਂ ਦੀ ਸਮਾਪਤੀ ਮੌਕੇ ਗਈ ਬੱਲੋਂ ਖਿੱਚ ਦਾ ਕੇਂਦਰ ਰਹੀ। ਤੀਆਂ ਦੇਖਣ ਤੇ ਹਿੱਸਾ ਲੈਣ ਆਈਆਂ ਮੁਟਿਆਰਾ ਦੀਆਂ ਰੰਗ-ਬਰੰਗੀਆਂ ਪੁਸ਼ਾਕਾ, ਲਹਿੰਗੇ ਤੇ ਘੱਘਰੇ ਪੰਜਾਬੀਅਤ ਦੇ ਮਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ।
ਇਸ ਸਮੇਂ ‘ਸਿੱਖ ਵੁਮੈਨਜ਼ ਆਰਗੇਨਾਈਜੇਸਨ ਸੈਂਟਰਲ ਕੈਲੀਫੋਰਨੀਆਂ’ ਵੱਲੋਂ ਲੋੜਵੰਦ ਅੌਰਤਾਂ ਲਈ ਜਾਣਕਾਰੀ ਦੇਣ ਵਾਲੇ ਬੂਥ ਤੋਂ ਇਲਾਵਾ ਮਹਿੰਦੀ ਤੇ ਖਾਣੇ ਦੇ ਸਟਾਲ ਵੀ ਸਨ। ਡੀਜੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇੰਨ੍ਹਾਂ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਇਸ ਸਮੁੱਚੇ ਪ੍ਰਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਸਰਨਜੀਤ ਗੁੱਡੀ ਰਾਨੂੰ ਅਤੇ ਸਮੂੰਹ ਸਹਿਯੋਗੀਆਂ ਨੂੰ ਜਾਦਾ ਹੈ।