ਭਾਰਤ ਦੇ ਰਾਕੇਸ਼ ਕੁਮਾਰ ਪੈਰਾਲੰਪਿਕ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਦੇ ਮਰਦ ਨਿੱਜੀ ਕੰਪਾਊਂਡ ਦੇ ਕੁਆਰਟਰ ਫਾਈਨਲ ਵਿਚ ਮੰਗਲਵਾਰ ਨੂੰ ਇੱਥੇ ਚੀਨ ਦੇ ਅਲ ਝਿਨਿਲਿਆਂਗ ਹੱਥੋਂ ਇਕ ਫਸਵੇਂ ਮੁਕਾਬਲੇ ਵਿਚ 143-145 ਨਾਲ ਹਾਰ ਕੇ ਬਾਹਰ ਹੋ ਗਏ।
ਰੂਬਿਨਾ ਸੱਤਵੇਂ ਸਥਾਨ ‘ਤੇ ਰਹੀ
ਟੋਕੀਓ (ਪੀਟੀਆਈ) : ਭਾਰਤੀ ਨਿਸ਼ਾਨੇਬਾਜ਼ ਰੂਬਿਨਾ ਫਰਾਂਸਿਸ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਐੱਸਐੱਚ-1 ਦੇ ਫਾਈਨਲ ‘ਚ ਸੱਤਵੇਂ ਸਥਾਨ ‘ਤੇ ਰਹੀ। ਰੂਬਿਨਾ ਨੇ ਅਸਾਕਾ ਸ਼ੂਟਿੰਗ ਰੇਂਜ ਵਿਚ ਫਾਈਨਲ ਵਿਚ 128.1 ਅੰਕ ਬਣਾਏ। ਐੱਸਐੱਚ-1 ਵਰਗ ਵਿਚ ਨਿਸ਼ਾਨੇਬਾਜ਼ ਇਕ ਹੱਥ ਨਾਲ ਹੀ ਪਿਸਟਲ ਫੜਦੇ ਹਨ। ਉਨ੍ਹਾਂ ਦੇ ਇਕ ਹੱਥ ਜਾਂ ਪੈਰ ਵਿਚ ਖ਼ਰਾਬੀ ਹੁੰਦੀ ਹੈ। ਇਸ ਵਿਚ ਨਿਸ਼ਾਨੇਬਾਜ਼ ਨਿਯਮਾਂ ਮੁਤਾਬਕ ਬੈਠ ਕੇ ਜਾਂ ਖੜ੍ਹੇ ਹੋ ਕੇ ਨਿਸ਼ਾਨਾ ਲਾਉਂਦੇ ਹਨ। ਈਰਾਨ ਦੀ ਸਾਰੇਹ ਜਵਾਨਮਾਰਦੀ ਨੇ 239.2 ਦੇ ਵਿਸ਼ਵ ਰਿਕਾਰਡ ਨਾਲ ਗੋਲਡ ਮੈਡਲ ਜਿੱਤਿਆ। ਪਿਛਲਾ ਰਿਕਾਰਡ (238.1) ਰੂਬਿਨਾ ਦੇ ਨਾਂ ਸੀ।
ਮਹਿਲਾ ਟੇਬਲ ਟੈਨਿਸ ਟੀਮ ਚੀਨ ਹੱਥੋਂ ਹਾਰੀ
ਟੋਕੀਓ (ਏਪੀ) : ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਪੈਰਾਲੰਪਿਕ ਖੇਡਾਂ ਦੇ ਵਰਗ-45 ਦੇ ਕੁਆਰਟਰ ਫਾਈਨਲ ਵਿਚ ਚੀਨ ਹੱਥੋਂ 0-2 ਨਾਲ ਹਾਰ ਗਈ। ਭਾਰਤੀ ਟੀਮ ਵਿਚ ਭਾਵਿਨਾ ਪਟੇਲ ਵੀ ਸ਼ਾਮਲ ਸੀ ਜਿਨ੍ਹਾਂ ਨੇ ਸਿੰਗਲਜ਼ ਵਿਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਨੂੰ ਚੈਂਪੀਅਨਸ਼ਿਪ ਵਿਚ ਤੀਜੀ ਵਾਰ ਿਯੰਗ ਝੋਊ ਹੱਥੋਂ 0-3 (4-11, 7-11, 6-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਚੀਨੀ ਖਿਡਾਰਨ ਨੇ ਉਨ੍ਹਾਂ ਨੂੰ ਸਿੰਗਲਜ਼ ਦੇ ਗਰੁੱਪ ਗੇੜ ਤੇ ਫਿਰ ਫਾਈਨਲ ਵਿਚ ਵੀ ਹਰਾਇਆ ਸੀ। ਇਸ ਤੋਂ ਬਾਅਦ ਡਬਲਜ਼ ਮੁਕਾਬਲਾ ਹੋਇਆ ਜਿਸ ਵਿਚ ਸੋਨਲ ਪਟੇਲ ਤੇ ਭਾਵਿਨਾ ਚੀਨ ਦੀ ਿਯੰਗ ਤੇ ਝਾਂਗ ਬਿਆਨ ਦੇ ਸਾਹਮਣੇ ਨਹੀਂ ਟਿਕ ਸਕੀਆਂ। ਭਾਰਤੀ ਜੋੜੀ ਨੇ ਇਹ ਮੁਕਾਬਲਾ ਸਿਰਫ਼ 13 ਮਿੰਟ ਵਿਚ 2-11, 4-11, 2-11 ਨਾਲ ਗੁਆਇਆ।