ਅੱਜ-ਕੱਲ੍ਹ ਬਦਲਦੀ ਜੀਵਨਸ਼ੈਲੀ ਤੇ ਗ਼ਲਤ ਖਾਣ-ਪੀਣ ਕਾਰਨ ਮੋਟਾਪੇ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ ਪਰ ਵੱਧਦੇ ਭਾਰ ਕਾਰਨ ਲੋਕ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਸਮੇਂ ਸਿਰ ਭਾਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਭਾਰ ਘਟਾਉਣ ਲਈ ਨਿਯਮਤ ਕਸਰਤ ਵੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਖ਼ੁਰਾਕ ‘ਤੇ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਤੁਸੀਂ ਆਪਣੀ ਖ਼ੁਰਾਕ ਵਿਚ ਕਿਹੜੀਆਂ ਚੀਜ਼ਾਂ ਸ਼ਾਮਿਲ ਕਰਦੇ ਹੋ, ਜਿਸ ਨਾਲ ਤੁਹਾਡੇ ਭਾਰ ਨੂੰ ਫ਼ਰਕ ਪੈਂਦਾ ਹੈ। ਭਾਰ ਘਟਾਉਣ ਲਈ ਲੋਕਾਂ ਨੂੰ ਸਵੇਰੇ ਖ਼ਾਲੀ ਪੇਟ ਨਿੰਬੂ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਰੋਜ਼ਾਨਾ ਸਵੇਰੇ ਕੁਝ ਫਲ ਖਾ ਕੇ ਵੱਧਦੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ।
ਪਪੀਤਾ
ਪਪੀਤੇ ‘ਚ ਵਿਟਾਮਿਨ-ਏ ਤੇ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਵਿਚ ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ। ਜੇ ਤੁਸੀਂ ਰੋਜ਼ਾਨਾ ਖ਼ਾਲੀ ਪੇਟ ਪਪੀਤਾ ਖਾਂਦੇ ਹੋ ਤਾਂ ਇਹ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਪਪੀਤਾ ਚਮੜੀ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਕੇਲਾ
ਸਵੇਰੇ ਖਾਲੀ ਪੇਟ ਕੇਲਾ ਖਾਣ ਨਾਲ ਪਾਚਨ ਕਿਰਿਆ ‘ਚ ਮਦਦ ਮਿਲਦੀ ਹੈ। ਇਸ ਵਿਚ ਮੌਜੂਦ ਫਾਈਬਰ ਮਲ ਤਿਆਗ ਨੂੰ ਆਸਾਨ ਬਣਾਉਂਦਾ ਹੈ। ਜੇ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਕੇਲਾ ਊਰਜਾ ਦੇਣ ‘ਚ ਮਦਦ ਕਰਦਾ ਹੈ। ਕੇਲਾ ਖਾਣ ਨਾਲ ਫੈਟ ਬਰਨ ਕਰਨ ‘ਚ ਵੀ ਮਦਦ ਮਿਲਦੀ ਹੈ।
ਨਾਸ਼ਪਾਤੀ
ਨਾਸ਼ਪਾਤੀ ‘ਚ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜਿਸ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਜੇ ਤੁਸੀਂ ਸਵੇਰੇ ਨਾਸ਼ਪਾਤੀ ਖਾਂਦੇ ਹੋ, ਤਾਂ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ ਅਤੇ ਇਹ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
ਕੀਵੀ
ਕੀਵੀ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਹ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਵਿਟਾਮਿਨ-ਈ, ਪੋਟਾਸ਼ੀਅਮ, ਕਾਪਰ, ਸੋਡੀਅਮ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਜ਼ਰੂਰੀ ਹਨ। ਭਾਰ ਘਟਾਉਣ ਲਈ ਤੁਸੀਂ ਸਵੇਰੇ ਖਾਲੀ ਪੇਟ ਕੀਵੀ ਖਾ ਸਕਦੇ ਹੋ।
ਸਟ੍ਰੋਬਰੀ
ਸਟ੍ਰੋਬਰੀ ਬਹੁਤ ਹੀ ਰਸਦਾਰ ਤੇ ਸੁਆਦੀ ਫਲ ਹੈ। ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਨੂੰ ਤੁਸੀਂ ਸਵੇਰੇ ਨਾਸ਼ਤੇ ਦੇ ਤੌਰ ‘ਤੇ ਖਾ ਸਕਦੇ ਹੋ। ਤੁਸੀਂ ਸਟ੍ਰੋਬਰੀ ਨੂੰ ਸਲਾਦ ਜਾਂ ਸਮੂਦੀ ‘ਚ ਮਿਲਾ ਕੇ ਵੀ ਖਾ ਸਕਦੇ ਹੋ।
ਅੰਗੂਰ
ਅੰਗੂਰ ਵਿਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੇ ਤੁਸੀਂ ਸਵੇਰੇ ਖਾਲੀ ਪੇਟ ਅੰਗੂਰ ਖਾਂਦੇ ਹੋ ਤਾਂ ਇਹ ਭੁੱਖ ਨੂੰ ਕੰਟਰੋਲ ਕਰਦਾ ਹੈ ਤੇ ਭਾਰ ਘਟਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਫਲ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।