ਡਬਲਯੂਐੱਚਓ ਨੇ ਕਿਹਾ ਹੈ ਕਿ ਕੋਰੋਨਾ ਦਾ ਡੈਲਟਾ ਵੇਰੀਐਂਟ ਹੁਣ ਤਕ ਦੁਨੀਆ 85 ਦੇਸ਼ਾਂ ‘ਚ ਫੇਲ ਚੁੱਕਿਆ ਹੈ। ਉਸਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਛੇਤੀ ਹੀ ਇਹ ਕੁਝ ਹੋਰ ਸਥਾਨਾਂ ‘ਤੇ ਪਹੁੰਚ ਸਕਦਾ ਹੈ। ਇਸ ਦੇ ਇਨਫੈਕਸ਼ਨ ਦੀ ਰਫ਼ਤਾਰ ਜੇਕਰ ਇਸੇ ਤਰ੍ਹਾਂ ਬਣੀ ਰਹੀ ਤਾਂ ਛੇਤੀ ਇਹ ਕੋਰੋਨਾ ਦਾ ਸਭ ਤੋ ਵੱਧ ਫੈਲਣ ਵਾਲਾ ਸਟ੍ਰੇਨ ਬਣ ਜਾਵੇਗਾ।
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ 22 ਜੂਨ ਨੂੰ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਹਫ਼ਤਾਵਾਰੀ ਅਪਡੇਟ ‘ਚ ਕਿਹਾ ਗਿਆ ਹੈ ਕਿ ਆਲਮੀ ਪੱਧਰ ‘ਤੇ ਅਲਫਾ ਵੇਰੀਐਂਟ 170 ਦੇਸ਼ਾਂ, ਬੀਟਾ ਵੇਰੀਐਂਟ 119 ਦੇਸ਼ਾਂ, ਗਾਮਾ ਵੇਰੀਐਂਟ 71 ਦੇਸ਼ਾਂ ਤੇ ਡੈਲਟਾ ਵੇਰੀਐਂਟ 85 ‘ਚ ਫੈਲਣ ਦੀ ਸੂਚਨਾ ਦਿੱਤੀ ਗਈ ਹੈ।
ਅਪਡੇਟ ‘ਚ ਦੱਸਿਆ ਗਿਆ ਹੈ ਕਿ ਡੈਲਟਾ ਵੇਰੀਐਂਟ ਜਿਹੜਾ ਆਲਮੀ ਪੱਧਰ ‘ਤੇ 85 ਦੇਸ਼ਾਂ ‘ਚ ਪਾਇਆ ਗਿਆ, ਹੁਣ ਡਬਲਯੂਐੱਚਓ ਦੇ ਸਾਰੇ ਖੇਤਰਾਂ ‘ਚ ਰਿਪੋਰਟ ਕੀਤਾ ਜਾ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ‘ਚ ਇਸ ਵੇਰੀਐਂਟ ਦਾ ਕਹਿਰ 11 ਦੇਸ਼ਾਂ ‘ਚ ਫੈਲਿਆ।
ਡਬਲਯੂਐੱਚਓ ਨੇ ਕਿਹਾ ਕਿ ਕੋਰੋਨਾ ਦੇ ਚਿੰਤਾ ਵਧਾਉਣ ਵਾਲੇ ਚਾਰ ਮੌਜੂਦਾ ਵੇਰੀਐਂਟ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਅਲਫਾ, ਬੀਟਾ, ਗਾਮਾ ਤੇ ਡੈਲਟਾ ਨਾਮਕਰਨ ਵਾਲੇ ਇਹ ਵੇਰੀਐਂਟ ਵਿਆਪਕ ਹਨ ਤੇ ਡਬਲਯੂਐੱਚਓ ਦੇ ਸਾਰੇ ਖੇਤਰਾਂ ‘ਚ ਪਾਏ ਗਏ ਹਨ। ਡੈਲਟਾ ਵੇਰੀਐਂਟ ਅਲਫਾ ਦੇ ਮੁਕਾਬਲੇ ਕਾਫ਼ੀ ਤੇਜ਼ੀ ਨਾਲ ਫੈਲਣ ਵਾਲਾ ਤੇ ਮਾਰੂ ਹੈ। ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਇਸ ਦੀ ਵੰਸ਼ਵੇਲ ਸਭ ਤੋਂ ਅਹਿਮ ਹੋ ਜਾਵੇਗੀ।
ਅਪਡੇਟ ‘ਚ ਕਿਹਾ ਗਿਆ ਹੈ ਕਿ ਭਾਰਤ ਨੇ ਪਿਛਲੇ ਹਫ਼ਤੇ (14-20) ਜੂਨ, 2021), ਕੋਰੋਨਾ ਦੇ ਸਭ ਤੋਂ ਵੱਧ 4,41,976 ਨਵੇਂ ਮਾਮਲੇ ਦਰਜ ਕੀਤੇ ਹਨ। ਭਾਰਤ ਤੋਂ ਸਭ ਤੋਂ ਵੱਧ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ 16,329 ਨਵੀਆਂ ਮੌਤਾਂ ਹੋਈਆਂ।
ਦੱਖਣੀ-ਪੂਰਬ ਏਸ਼ੀਆ ਖੇਤਰ ‘ਚ ਪਿਛਲੇ ਹਫ਼ਤੇ ਦੇ ਮੁਕਾਬਲੇ ਛੇ ਲੱਖ ਤੋਂ ਵੱਧ ਨਵੇਂ ਮਾਮਲੇ ਤੇ 19 ਹਜ਼ਾਰ ਤੋਂ ਵੱਧ ਨਵੀਆਂ ਮੌਤਾਂ ਹੋਈਆਂ। ਹਾਲਾਂਕਿ ਪਿਛਲੇ ਤੋਂ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ‘ਚ ਲੜੀਵਾਰ 21 ਫ਼ੀਸਦੀ ਤੇ 26 ਫ਼ੀਸਦੀ ਦੀ ਕਮੀ ਦੇਖੀ ਗਈ। ਅਪਡੇਟ ‘ਚ ਕਿਹਾ ਗਿਆ ਹੈ ਕਿ ਹਫ਼ਤਿਆਂ ਦੇ ਮਾਮਲੇ ‘ਚ ਘਟਦੀ ਬਿਰਤੀ ਤੇ ਖੇਤਰ ‘ਚ ਮੌਤਾਂ ਦੀਆਂ ਘਟਨਾਵਾਂ ਮੁੱਖ ਤੌਰ ‘ਤੇ ਕੋਰੋਨਾ ਦੇ ਮਾਮਲਿਆਂ ‘ਚ ਕਮੀ ਕਾਰਨ ਦੇਖੀ ਗਈ।