ਮੁਹਾਲੀ-ਇੱਥੇ ਅੱਜ ਤੇਜ਼ ਰਫ਼ਤਾਰ ਮਰਸਿਡੀਜ਼ ਕਾਰ ਨੇ ਦੋ ਡਿਲਿਵਰੀ ਬੁਆਏਜ਼ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਸ਼ਰਨਜੀਤ ਸਿੰਘ ਵਾਸੀ ਕਰਮ ਪੱਟੀ (ਸ੍ਰੀ ਮੁਕਤਸਰ ਸਾਹਿਬ) ਅਤੇ ਜਗਜੀਤ ਸਿੰਘ ਵਾਸੀ ਖਰੜ ਵਜੋਂ ਹੋਈ ਹੈ। ਇਹ ਹਾਦਸਾ ਇੱਥੋਂ ਦੇ ਫੇਜ਼-3ਬੀ-2 ਵਿੱਚ ਅੱਜ ਤੜਕੇ ਵਾਪਰਿਆ।
ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ-ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੇ ਬਨੂੜ ਸ਼ਹਿਰ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਸਾਹਮਣੇ ਅੱਜ ਦੁਪਹਿਰੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਲਾਸ਼ ਦੀ ਪਛਾਣ ਨਹੀਂ ਹੋ ਸਕੀ। ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਨੌਜਵਾਨ ਪੈਦਲ ਜਾ ਰਿਹਾ ਸੀ। ਉਸ ਨੂੰ ਸਾਹਮਣੇ ਤੋਂ ਆ ਰਹੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਵੱਜਦੇ ਹੀ ਨੌਜਵਾਨ ਸੜਕ ’ਤੇ ਡਿੱਗ ਗਿਆ ਤੇ ਵਾਹਨ ਦਾ ਟਾਇਰ ਉਸ ਉੱਤੋਂ ਨਿਕਲ ਗਿਆ। ਮ੍ਰਿਤਕ ਦੀ ਮੌਕੇ ਤੋਂ ਇਕੱਤਰ ਹੋਏ ਲੋਕਾਂ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਾਸ਼ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਪਛਾਣ ਨਾ ਹੋ ਸਕੀ ਤੇ ਨਾਂ ਹੀ ਮ੍ਰਿਤਕ ਦੀ ਜੇਬ ਵਿਚੋਂ ਕੋਈ ਕਾਗਜ਼ ਪੱਤਰ ਨਿਕਲਿਆ। ਏਐਸਆਈ ਨੇ ਦੱਸਿਆ ਕਿ ਵੇਖਣ ਵਿੱਚ ਮ੍ਰਿਤਕ ਪਰਵਾਸੀ ਜਾਪਦਾ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ 72 ਘੰਟਿਆਂ ਦੀ ਸ਼ਨਾਖ਼ਤ ਲਈ ਡੇਰਾਬਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।
ਮੁੱਖ ਸੜਕ ’ਤੇ ਪਰਵਾਸੀ ਵਿਅਕਤੀ ਦੀ ਲਾਸ਼ ਮਿਲੀ-ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੀ ਮੁੱਖ ਸੜਕ ’ਤੇ ਪਿੰਡ ਰਾਣੀ ਮਾਜਰਾ ਵਿੱਚ ਅੱਜ ਪਰਵਾਸੀ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਵਿੱਚ ਜਾਂਚ ਅਫਸਰ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਪਰਵਾਸੀ ਵਿਅਕਤੀ ਸੜਕ ਕੰਢੇ ਡਿੱਗਿਆ ਪਿਆ ਸੀ, ਜਿਸ ਕੋਲ ਮੋਟਰਸਾਈਕਲ ਵੀ ਖੜ੍ਹਾ ਸੀ। ਮੋਟਰਸਾਈਕਲ ਦੇ ਨੰਬਰ ਨੂੰ ਟਰੇਸ ਕਰਨ ਮਗਰੋਂ ਮ੍ਰਿਤਕ ਵਿਅਕਤੀ ਦੀ ਪਛਾਣ ਵਿਨੋਦ ਵਜੋਂ ਹੋਈ, ਜੋ ਕਿ ਪਿੰਡ ਮੌਲੀ ਜੱਗਰਾਂ ਵਿੱਚ ਰਹਿੰਦਾ ਸੀ ਅਤੇ ਪਿੱਛੋਂ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਉਤੇ ਕਿ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ, ਜਿਸ ਨੇ ਰਾਤੀਂ ਕਥਿਤ ਤੌਰ ਉਤੇ ਜ਼ਿਆਦਾ ਸ਼ਰਾਬ ਸੇਵਨ ਕਰ ਲਈ ਹੋਵੇਗੀ ਅਤੇ ਨਸ਼ੇ ਦੀ ਲੋਰ ਵਿੱਚ ਡਿੱਗ ਪਿਆ ਹੋਵੇਗਾ ਅਤੇ ਠੰਢ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੋਵੇਗੀ। ਪੁਲੀਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰਦਿਆਂ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ