ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੀ ਹੇਠਲੀ ਅਦਾਲਤ ਨੇ ਇਮਰਾਨ ਖ਼ਾਨ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰੀ ਤੋਹਫ਼ੇ (ਤੋਸ਼ਾਖਾਨਾ ਕੇਸ) ਵੇਚਣ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਲਾਹੌਰ ਤੋਂ ਗ੍ਰਿਫਤਾਰ
ਇਮਰਾਨ ਖਿਲਾਫ ਫੈਸਲਾ ਆਉਂਦੇ ਹੀ ਪਾਕਿਸਤਾਨ ਪੁਲਿਸ ਨੇ ਵੀ ਕਾਰਵਾਈ ਕੀਤੀ ਹੈ। ਇਮਰਾਨ ਖਾਨ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਨਾਲ ਇਮਰਾਨ ਖ਼ਾਨ ਦਾ ਸਿਆਸੀ ਕਰੀਅਰ ਖ਼ਤਮ ਹੋ ਸਕਦਾ ਹੈ। ਇਮਰਾਨ ਦੇ ਨਵੰਬਰ ਦੀ ਸ਼ੁਰੂਆਤ ਤੋਂ ਪਹਿਲਾਂ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਿੱਸਾ ਲੈਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ ਅਤੇ ਉਹ 5 ਸਾਲ ਤੱਕ ਚੋਣ ਨਹੀਂ ਲੜ ਸਕਣਗੇ।
ਕੀ ਹੈ ਤੋਸ਼ਾਖਾਨਾ ਮਾਮਲਾ?ਇਮਰਾਨ ਖਾਨ ‘ਤੇ 2018 ਤੋਂ 2022 ਦਰਮਿਆਨ ਸਰਕਾਰੀ ਤੋਹਫ਼ੇ ਵੇਚ ਕੇ ਪੈਸਾ ਕਮਾਉਣ ਦਾ ਦੋਸ਼ ਸੀ। ਇਹ ਤੋਹਫੇ ਇਮਰਾਨ ਨੂੰ ਆਪਣੀ ਵਿਦੇਸ਼ ਯਾਤਰਾ ਦੌਰਾਨ ਮਿਲੇ ਸਨ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਇਨ੍ਹਾਂ ਤੋਹਫ਼ਿਆਂ ਨੂੰ ਸਟੇਟ ਡਿਪਾਜ਼ਟਰੀ (ਤੋਸ਼ਾਖਾਨਾ) ਵਿੱਚ ਰੱਖਣਾ ਪੈਂਦਾ ਹੈ। ਹਾਲਾਂਕਿ, ਜੇਕਰ ਕੋਈ ਪੀਐਮ ਉਨ੍ਹਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ, ਤਾਂ ਉਸਨੂੰ ਨਿਲਾਮੀ ਦੇ ਤਹਿਤ ਕੀਮਤ ਅਦਾ ਕਰਨੀ ਪਵੇਗੀ।
ਇਲਜ਼ਾਮ ਹੈ ਕਿ ਇਮਰਾਨ ਨੇ ਤੋਸ਼ਾਖਾਨਾ ਤੋਂ ਇਹ ਤੋਹਫ਼ੇ 2.15 ਕਰੋੜ ਰੁਪਏ ਵਿੱਚ ਖਰੀਦੇ ਅਤੇ 5 ਕਰੋੜ ਰੁਪਏ ਤੋਂ ਵੱਧ ਵਿੱਚ ਵੇਚ ਕੇ ਮੋਟਾ ਮੁਨਾਫਾ ਕਮਾਇਆ। ਇਨ੍ਹਾਂ ਤੋਹਫ਼ਿਆਂ ਵਿੱਚ ਮਹਿੰਗੀਆਂ ਕਾਰਾਂ, ਪੈੱਨ ਅਤੇ ਮਹਿੰਗੀਆਂ ਮੁੰਦਰੀਆਂ ਵੀ ਸ਼ਾਮਲ ਸਨ।