ਪਟਿਆਲਾ-ਥਾਣਾ ਤ੍ਰਿਪੜੀ ਦੀ ਪੁਲੀਸ ਨੇ ਥਾਣਾ ਮੁਖੀ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਇੱਕ ਕਾਰਵਾਈ ਦੌਰਾਨ ਤ੍ਰਿਪੜੀ ਖੇਤਰ ਵਿਚਲੇ ਇੱਕ ਦੁਕਾਨਦਾਰ ਵੱਲੋਂ ਘਰ ਦੇ ਸਟੋਰ ’ਚ ਰੱਖੀ ਇੱਕ ਟਨ ਵਜ਼ਨ ਵਾਲੀ ਚੀਨੀ ਡੋਰ ਦੇ 330 ਗੱਟੂ ਬਰਾਮਦ ਕੀਤੇ ਹਨ। ਇਸ ਦੌਰਾਨ ਪੁਲੀਸ ਨੇ ਸੋਨੂ ਵਾਸੀ ਦੀਪ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਖਿਲਾਫ਼ ਥਾਣਾ ਤ੍ਰਿਪੜੀ ਵਿੱਚ ਕੇਸ ਦਰਜ ਕੀਤਾ ਗਿਆ। ਇਹ ਜਾਣਕਾਰੀ ਐੱਸਪੀ ਸਿਟੀ ਸਰਫਰਾਜ ਆਲਮ ਨੇ ਦਿੱਤੀ। ਇਸ ਮੌਕੇ ਥਾਣਾ ਤ੍ਰਿਪੜੀ ਦੇ ਏਐੱਸਆਈ ਗੁਰਪ੍ਰ੍ਰੀਤ ਸਿੰਘ, ਹੌਲਦਾਰ ਪਰਮਜੀਤ ਸਿੰਘ ਅਤੇ ਸਿਪਾਹੀ ਰਮਨਦੀਪ ਸਿੰਘ ਆਦਿ ਵੀ ਮੌਜੂਦ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟੀਮ ਨੇ ਆਚਾਰ ਬਾਜ਼ਾਰ, ਤ੍ਰਿਪੜੀ ਅਤੇ ਆਨੰਦ ਨਗਰ ਖੇਤਰਾਂ ਵਿਚਲੀਆਂ ਕੁਝ ਦੁਕਾਨਾਂ ਦੀ ਚੈਕਿੰਗ ਕੀਤੀ। ਹਾਲਾਂਕਿ ਇਨ੍ਹਾਂ ਦੌਰਿਆਂ ਦੌਰਾਨ ਕੋਈ ਗੈਰ-ਕਾਨੂੰਨੀ ਗਤੀਵਿਧੀ ਨਹੀਂ ਮਿਲੀ ਪਰ ਫੇਰ ਜਦੋਂ ਉਕਤ ਸੋਨੂ ਦੇ ਘਰ ਛਾਪਾ ਮਾਰਿਆ ਗਿਆ ਤਾਂ ਉਥੋਂ ਪਾਬੰਦੀ ਵਾਲੀ ਚੀਨੀ ਡੋਰ ਦੇ 330 ਗੱਟੂ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਇੱਕ ਟਨ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਬਰਾਮਦਗੀ ਪੀਪੀਸੀਬੀ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਕੀਤੀ ਗਈ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਜਿਥੇ ਚੀਨੀ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ, ਉਥੇ ਹੀ ਮਾਪਿਆਂ ਨੂੰ ਵੀ ਅਗਾਹ ਕੀਤਾ ਹੈ ਕਿ ਉਹ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਕਿ ਉਹ ਚੀਨੀ ਡੋਰ ਦੀ ਵਰਤੋਂ ਨਾ ਕਰਨ।
previous post