ਥਾਈਲੈਂਡ ‘ਚ ਲੋਕਤੰਤਰ ਸਮਰਥਕ ਅੰਦੋਲਨ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ। ਐਤਵਾਰ ਨੂੰ ਰਾਜਮਹਿਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਖਦੇੜਨ ਲਈ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਦੇ ਨਾਲ ਹੀ ਅੱਥਰੂ ਗੈਸ ਦੇ ਗੋਲ਼ੇ ਅਤੇ ਰਬੜ ਦੀਆਂ ਗੋਲ਼ੀਆਂ ਦੀ ਵਰਤੋਂ ਕੀਤੀ। ਪੁਲਿਸ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ ਵਿਚ ਦਰਜਨਾਂ ਲੋਕਤੰਤਰ ਸਮਰਥਕ ਜ਼ਖ਼ਮੀ ਹੋ ਗਏ। ਕੁਝ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇੰਟਰਨੈੱਟ ਮੀਡੀਆ ‘ਤੇ ਚੱਲ ਰਹੇ ਵੀਡੀਓ ‘ਚ ਪੁਲਿਸ ਭੱਜ ਰਹੇ ਲੋਕਾਂ ਨੂੰ ਕੁੱਟਦੀ ਦਿਸ ਰਹੀ ਹੈ। ਇਕ ਹੋਰ ਵੀਡੀਓ ਵਿਚ ਲੋਕ ਅੱਥਰੂ ਗੈਸ ਤੋਂ ਬਚਣ ਲਈ ਮੈਕਡੋਨਾਲਡ ਰੈਸਤਰਾਂ ‘ਚ ਸ਼ਰਨ ਲੈਂਦੇ ਦਿਖਾਈ ਦੇ ਰਹੇ ਹਨ।
ਪੁਲਿਸ ਨੇ ਤਾਕਤ ਦੀ ਵਰਤੋਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਨਾ ਕੇਵਲ ਜਨਤਕ ਸਥਾਨ ‘ਤੇ ਇਕੱਠੇ ਹੋਣ ਦੇ ਨਿਯਮਾਂ ਨੂੰ ਤੋੜਿਆ ਸਗੋਂ ਰਾਜਾਸ਼ਾਹੀ ਦਾ ਅਪਮਾਨ ਵੀ ਕੀਤਾ। ਪੁਲਿਸ ਨੇ 20 ਮੁਜ਼ਾਹਰਾਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਬੈਂਕਾਕ ਪੁਲਿਸ ਦੇ ਉਪ ਮੁਖੀ ਨੇ ਕਿਹਾ ਕਿ ਹਿੰਸਾ ਦੀ ਸ਼ੁਰੂਆਤ ਮੁਜ਼ਾਹਰਾਕਾਰੀਆਂ ਵੱਲੋਂ ਹੋਈ ਸੀ। ਕਿਉਂਕਿ ਮੁਜ਼ਾਹਰਾਕਾਰੀਆਂ ਦੀ ਅਗਵਾਈ ਕਰਨ ਵਾਲੇ ਜ਼ਿਆਦਾਤਰ ਆਗੂਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਇਸ ਲਈ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਰਾਜਧਾਨੀ ਬੈਂਕਾਕ ਵਿਚ ਸ਼ਨਿਚਰਵਾਰ ਨੂੰ ਵੀ ਪ੍ਰਦਰਸ਼ਨ ਹੋਇਆ ਸੀ। ਇਸ ਦੌਰਾਨ ਲੋਕਾਂ ਨੇ ਰਾਜਾ ਦੀ ਤਸਵੀਰ ‘ਤੇ ਕਾਲਖ ਮਲ ਦਿੱਤੀ ਸੀ। ਇਸ ਮਹੀਨੇ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ 20 ਤੋਂ ਵੱਧ ਮੁਜ਼ਾਹਰਾਕਾਰੀ ਜ਼ਖ਼ਮੀ ਹੋਏ ਹਨ।
ਦਰਅਸਲ, ਰਾਜਾਸ਼ਾਹੀ ਖ਼ਿਲਾਫ਼ ਨੌਜਵਾਨਾਂ ਦਾ ਇਹ ਪ੍ਰਦਰਸ਼ਨ ਪਿਛਲੇ ਸਾਲ ਸ਼ੁਰੂ ਹੋਇਆ ਸੀ। ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓਚਾ ਦੀ ਸਰਕਾਰ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ। ਓਚਾ ਇਕ ਸੇਵਾਮੁਕਤ ਫ਼ੌਜੀ ਅਫਸਰ ਹਨ ਅਤੇ ਉਹ ਸਾਲ 2014 ਵਿਚ ਚੁਣੀ ਸਰਕਾਰ ਦਾ ਤਖ਼ਤਾ ਪਲਟ ਕਰ ਕੇ ਸੱਤਾ ‘ਤੇ ਕਾਬਜ਼ ਹੋ ਗਏ ਸਨ। ਅੰਦੋਲਨਕਾਰੀ ਰਾਜਾਸ਼ਾਹੀ ਵਿਚ ਸੁਧਾਰ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਖ਼ਤਾ ਪਲਟ ਦੇ ਬਾਅਦ ਫ਼ੌਜ ਨੇ ਜੋ ਸੰਵਿਧਾਨ ਬਣਾਇਆ ਹੈ ਉਸ ਵਿਚ ਰਾਜਾ ਨੂੰ ਅਸੀਮਤ ਸ਼ਕਤੀਆਂ ਦੇ ਦਿੱਤੀਆਂ ਗਈਆਂ ਹਨ। ਸਰਕਾਰ ਨੇ ਕਿਹਾ ਕਿ ਰਾਜਾ ਦੀ ਆਲੋਚਨਾ ਗ਼ੈਰ-ਕਾਨੂੰਨੀ ਅਤੇ ਅਣਉਚਿਤ ਹੈ।