ਬੈਂਕਾਕ- ਸ਼ੁੱਕਰਵਾਰ ਨੂੰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ 7.7 ਸ਼ਿੱਦਤ ਦਾ ਇਕ ਜ਼ਬਰਦਸਤ ਭੂਚਾਲ ਆਇਆ, ਜਿਸ ਕਾਰਨ ਇਮਾਰਤਾਂ ਹਿੱਲ ਗਈਆਂ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਯੂਐੱਸ ਜੀਓਲੌਜੀਕਲ ਸਰਵੇ ਅਤੇ ਜਰਮਨੀ ਦੇ ਜੀਐੱਫਜ਼ੈੱਡ ਸੈਂਟਰ ਫਾਰ ਜੀਓਸਾਇੰਸ ਨੇ ਕਿਹਾ ਕਿ ਦੁਪਹਿਰ ਦਾ ਭੂਚਾਲ 10 ਕਿਲੋਮੀਟਰ (6.2 ਮੀਲ) ਤੋਂ ਘੱਟ ਡੂੰਘਾ ਸੀ, ਜਿਸਦਾ ਕੇਂਦਰ ਗੁਆਂਢੀ ਮਿਆਂਮਾਰ ਵਿੱਚ ਸੀ।
ਵੱਡਾ ਬੈਂਕਾਕ ਖੇਤਰ 17 ਮਿਲੀਅਨ ਤੋਂ ਵੱਧ ਲੋਕਾਂ ਦਾ ਘਰ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਉੱਚੀਆਂ ਇਮਾਰਤਾਂ ਵਿੱਚ ਰਹਿੰਦੇ ਹਨ। ਦੁਪਹਿਰ 1:30 ਵਜੇ ਦੇ ਕਰੀਬ ਭੂਚਾਲ ਆਉਣ ਨਾਲ ਇਮਾਰਤਾਂ ਵਿਚ ਅਲਾਰਮ ਵੱਜ ਗਏ ਅਤੇ ਘਬਰਾਏ ਹੋਏ ਵਸਨੀਕਾਂ ਨੂੰ ਸੰਘਣੀ ਆਬਾਦੀ ਵਾਲੇ ਕੇਂਦਰੀ ਬੈਂਕਾਕ ਵਿਚ ਉੱਚੀਆਂ ਇਮਾਰਤਾਂ ਅਤੇ ਹੋਟਲਾਂ ਦੀਆਂ ਪੌੜੀਆਂ ਤੋਂ ਹੇਠਾਂ ਉਤਾਰਿਆ ਗਿਆ ਗਿਆ। ਹਾਲਾਂਕਿ ਇਮਾਰਤ ਡਿੱਗਣ ਅਤੇ ਕੁੱਝ ਇਮਾਰਤਾਂ ਤੋਂ ਪਾਣੀ ਵਹਿਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਝਟਕਿਆਂ ਨਾਲ ਪੁਲ ਅਤੇ ਇਮਾਰਤਾਂ ਹਿੱਲਣ ਲੱਗੀਆਂ। ਭੂਚਾਲ ਦਾ ਕੇਂਦਰ ਮੱਧ ਮਿਆਂਮਾਰ ਵਿੱਚ ਸੀ, ਜੋ ਮੋਨੀਵਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ (30 ਮੀਲ) ਪੂਰਬ ਵਿੱਚ ਸੀ। ਮਿਆਂਮਾਰ ਵਿੱਚ ਭੂਚਾਲ ਦੇ ਪ੍ਰਭਾਵ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਉਸਾਰੀ ਅਧੀਨ ਇਮਾਰਤ ਡਿੱਗਣ ਦੀ ਵੀਡੀਓ ਆਈ ਸਾਹਮਣੇ- ਭੂਚਾਲ ਦੌਰਾਨ ਬੈਂਕਾਕ ਵਿਚ ਉਸਾਰੀ ਅਧੀਨ ਇਮਾਰਤ ਡਿੱਗਣ ਦੀ ਵੀਡੀਓ ਸਾਹਮਣੇ ਆਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਹਾਲੇ ਜਾਨੀ ਨੁਕਸਾਨ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿਚ ਡਿੱਗ ਰਹੀ ਇਮਾਰਤ ਦੇ ਆਸ ਪਾਸ ਲੋਕ ਭੱਜਦੇ ਦਿਖਾਈ ਦੇ ਰਹੇ ਹਨ। ਪੁਲੀਸ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਬੈਂਕਾਕ ਦੇ ਚਟੁਚਕ ਮਾਰਕੀਟ ਦੇ ਨੇੜੇ ਸਥਿਤ ਘਟਨਾ ਸਥਾਨ ’ਤੇ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਵਿਚ ਮੌਜੂਦ ਮਜ਼ਦੂਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਬੈਂਕਾਕ ਵਿਚ ਭੂਚਾਲ ਉਪਰੰਤ ਰਾਹਤ ਕਾਰਜ ਜਾਰੀ ਹਨ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਰਾਹਤ ਕਰਮੀਆਂ ਨੇ ਸੱਤ ਵਿਅਤੀਆਂ ਨੂੰ ਬਚਾਇਆ ਹੈ ਅਤੇ 2 ਦੀ ਮੌਤ ਹੋ ਚੁੱਕੀ ਹੈ।