ਪੱਗ ਉੱਪਰ ਹਿਮਾਚਲ ਦੀ ਰਵਾਇਤੀ ਟੋਪੀ ਰੱਖ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਜਿਸ ‘ਤੇ ਉਨ੍ਹਾਂ ਅੱਜ ਬਾਕਾਇਦਾ ਲਿਖਤੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗੀ ਹੈ। ਆਪਣੇ ਟਵਿੱਟਰ ਹੈਂਡਲ ਤੋਂ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ੇਅਰ ਕੀਤੇ ਇਕ ਪੱਤਰ ਵਿਚ ਉਨ੍ਹਾਂ ਲਿਖਿਆ ਹੈ ਕਿ ਬੀਤੇ ਦਿਨੀਂ ਦਾਸ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ੁੱਭਕਾਮਨਾਵਾਂ ਦੇਣ ਸ਼ਿਮਲੇ ਗਿਆ ਸੀ, ਉੱਥੇ ਉਨ੍ਹਾਂ ਵੱਲੋਂ ਇਕ ਸ਼ਾਲ ਤੇ ਹਿਮਾਚਲ ਦੀ ਰਵਾਇਤੀ ਟੋਪੀ ਭੇਟ ਕੀਤੀ ਗਈ ਜੋ ਕਿ ਗ਼ਲਤੀ ਨਾਲ ਪੱਗ ਉੱਤੇ ਰੱਖੀ ਗਈ। ਇਹ ਇਕ ਵੱਡੀ ਗ਼ਲਤੀ ਹੋਈ ਹੈ ਜਿਸ ਨੂੰ ਉਹ ਸਵੀਕਾਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਨਿਮਾਣੇ ਸਿੱਖ ਵਜੋਂ ਜਾਣ ਕੇ ਇਸ ਭੁੱਲ ਲਈ ਸਮੂਹ ਸੰਗਤ ਤੋਂ ਉਹ ਸਿਰ ਨੀਵਾਂ ਕਰ ਕੇ ਮਾਫ਼ੀ ਮੰਗਦੇ ਹਨ। ਆਪਣੀ ਇਸ ਭੁੱਲ ਬਖ਼ਸ਼ਾਉਣ ਲਈ ਆਪਣੇ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਾਹਿਜ ਪਾਠ ਤੇ ਗੁਰਬਾਣੀ ਕੀਰਤਨ ਵੀ ਕਰਵਾਉਣਗੇ।
ਉਹ ਆਪਣੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੂਹ ਸਿੱਖ ਸੰਗਤ ਪ੍ਰਤੀ ਪੂਰਨ ਨਿਸ਼ਠਾ ਰੱਖਦੇ ਹਨ ਤੇ ਕਾਮਨਾ ਕਰਦੇ ਹਨ ਕਿ ‘ਜੈਕਾਰ ਸਦਾ ਗਜਤ ਰਹੇ, ਪੰਥ ਸਦਾ ਬੜ੍ਹਤ ਰਹੇ, ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।’