45.7 F
New York, US
February 24, 2025
PreetNama
ਖਾਸ-ਖਬਰਾਂ/Important News

ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ ‘ਚ ਵਿਸ਼ੇਸ਼ ਸਨਮਾਨ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਖ਼ਾਲਸਾ ਨੂੰ ਇਹ ਸਨਮਾਨ ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਛੇੜੀ ਮੁਹਿੰਮ ਸਦਕਾ ਦਿੱਤਾ ਗਿਆ ਹੈ। ਸਿੱਖਾਂ ਦੀ ਸ਼ਾਨ ਯਾਨੀ ਪੱਗ ਖਾਤਰ ਖ਼ਾਲਸਾ ਨੇ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ।

ਦਰਅਸਲ, ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਖ਼ਾਲਸਾ ਨੇ ਅਮਰੀਕਾ ਵਿੱਚ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦਾ ਅਹਿਦ ਲਿਆ ਅਤੇ ਇਸ ਖ਼ਿਲਾਫ਼ ਮੁਹਿੰਮ ਛੇੜ ਦਿੱਤੀ। ਉਨ੍ਹਾਂ ਦੀ ਮੁਹਿੰਮ ਦੇ ਸਦਕਾ ਹੀ ਅਮਰੀਕੀ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਹੈ। ਸਾਲ 2007 ਵਿੱਚ ਹੋਈ ਇਸ ਘਟਨਾ ਉਪਰੰਤ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ। ਹੁਣ ਖ਼ਾਲਸਾ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਅਮਰੀਕੀ ਮੈਗ਼ਜ਼ੀਨ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਲਘੂ ਫ਼ਿਲਮ ਵੀ ਤਿਆਰ ਕੀਤੀ ਗਈ ਹੈ, ਜੋ ਪੂਰੀ ਦੁਨੀਆ ਵਿੱਚ ਦਿਖਾਈ ਜਾਵੇਗੀ।

ਗੁਰਿੰਦਰ ਸਿੰਘ ਖ਼ਾਲਸਾ ਦੀ ਦਸਤਾਰ ਦੇ ਵੱਕਾਰ ਦੀ ਲੜਾਈ ਸਾਲ 2007 ਤੋਂ ਸ਼ੁਰੂ ਹੋਈ, ਜਦ ਉਨ੍ਹਾਂ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ ‘ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ।

ਅਮਰੀਕੀ ਨਿਯਮਾਂ ਮੁਤਾਬਕ ਜੇਕਰ 20,000 ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ। ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ। ਸੌਖੇ ਸ਼ਬਦਾਂ ਵਿੱਚ ਜੇਕਰ ਹੁਣ ਕਿਸੇ ਸਿੱਖ ਦੀ ਸੁਰੱਖਿਆ ਜਾਂਚ ਸਮੇਂ ਮੈਟਲ ਡਿਟੈਕਟਰ ਮਸ਼ੀਨ ਵਿੱਚੋਂ ਬੀਪ ਦੀ ਆਵਾਜ਼ ਆਏਗੀ ਤਾਂ ਉਨ੍ਹਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ।

ਗੁਰਿੰਦਰ ਸਿੰਘ ਖ਼ਾਲਸਾ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਯੂਐਸਏ ਮਾਇਨੌਰਿਟੀ ਬਿਜ਼ਨੈਸ ਮੈਗ਼ਜ਼ੀਨ ਨੇ 18 ਜਨਵਰੀ, 2019 ਨੂੰ ਖ਼ਾਲਸਾ ਨੂੰ “ਰੋਜ਼ਾ ਪਾਰਕ ਟ੍ਰੇਬਲੇਜ਼ਰ ਐਵਾਰਡ” ਦਿੱਤਾ ਹੈ, ਜੋ ਆਪਣੀ ਕਿਸਮ ਦੇ ਤਿੰਨ ਸਰਬਉੱਚ ਸਨਮਾਨਾਂ ਵਿੱਚੋਂ ਇੱਕ ਹੈ। ਹੁਣ ਖ਼ਾਲਸਾ ਆਪਣੀ ਕਹਾਣੀ ਨੂੰ ਲਘੂ ਫ਼ਿਲਮ ਦੇ ਰੂਪ ਵਿੱਚ ਦਿਖਾਉਣਗੇ, ਜਿਸ ਦਾ ਨਾਂ ‘ਸਿੰਘ’ ਰੱਖਿਆ ਗਿਆ ਹੈ। ਗੁਰਿੰਦਰ ਸਿੰਘ ਖ਼ਾਲਸਾ ਸਿੱਖ ਪੁਲੀਟੀਕਲ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਹਨ ਤੇ ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।

Related posts

Trump ਵੱਲੋਂ ਚੀਫ਼ ਆਫ਼ ਸਟਾਫ਼ ਵਜੋਂ ਪਹਿਲੀ ਵਾਰ ਮਹਿਲਾ ਦੀ ਨਿਯੁਕਤੀ

On Punjab

ਟਰੰਪ ਕਰਨਗੇ ਪ੍ਰਵਾਸ ਪ੍ਰਣਾਲੀ ‘ਚ ਵੱਡੇ ਫੇਰਬਦਲ, ਭਾਰਤੀਆਂ ਲਈ ਖੁੱਲ੍ਹਣਗੇ ਪੱਕੇ ਹੋਣ ਦੇ ਰਾਹ

On Punjab

ਆਪਣਾ ਖ਼ੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਕਰਨਗੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ

On Punjab