ਦਾਨੀ ਓਲਮੋ (67ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਲਿਪਜਿਗ ਨੇ ਸਟੁਟਗਾਰਟ ਨੂੰ 1-0 ਨਾਲ ਮਾਤ ਦੇ ਕੇ ਜਰਮਨ ਫੁੱਟਬਾਲ ਲੀਗ ਬੁੰਦਿਸ਼ਲੀਗਾ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ।
ਲਿਪਜਿਗ ਨੇ ਸ਼ੁਰੂਆਤ ਤੋਂ ਮੈਚ ‘ਤੇ ਆਪਣਾ ਦਬਦਬਾ ਬਣਾਈ ਰੱਖਿਆ। ਤੀਜੇ ਮਿੰਟ ਵਿਚ ਲਿਪਜਿਗ ਨੇ ਹਮਲਾ ਕਰ ਕੇ ਸਟੁਟਗਾਰਟ ਦੇ ਗੋਲਕੀਪਰ ਗ੍ਰੇਗਰੋ ਕੋਬੇਲ ਦਾ ਇਮਤਿਹਾਨ ਲਿਆ। 21ਵੇਂ ਮਿੰਟ ਵਿਚ ਲਿਪਜਿਗ ਦੇ ਕੋਲ ਗੋਲ ਕਰਨ ਦਾ ਸ਼ਾਨਦਾਰ ਮੌਕਾ ਸੀ। ਇੱਥੇ ਉਸ ਨੂੰ ਪੈਨਲਟੀ ਮਿਲੀ ਸੀ ਜਿਸ ਨੂੰ ਫੋਰਸਬਰਗ ਗੋਲ ਵਿਚ ਨਹੀਂ ਬਦਲ ਸਕੇ। ਪਹਿਲਾ ਅੱਧ ਗੋਲ ਰਹਿਤ ਰਿਹਾ। ਦੂਜੇ ਅੱਧ ਵਿਚ ਲਿਪਜਿਗ ਨੇ ਆਪਣੀ ਹਮਲਾਵਰ ਖੇਡ ਜਾਰੀ ਰੱਖੀ ਤੇ ਆਖ਼ਰ 67ਵੇਂ ਮਿੰਟ ਵਿਚ ਉਹ ਗੋਲ ਕਰਨ ਵਿਚ ਕਾਮਯਾਬ ਰਿਹਾ।
ਉਸ ਦੇ ਲਈ ਇਹ ਗੋਲ ਦਾਨੀ ਓਲਮੋ ਨੇ ਕੀਤਾ। ਇਕ ਹੋਰ ਮੈਚ ਵਿਚ ਹੇਰਥਾ ਬਰਲਿਨ ਨੇ ਸ਼ਾਲਕੇ ਨੂੰ 3-0 ਨਾਲ ਹਰਾ ਦਿੱਤਾ। ਸ਼ਾਲਕੇ ਦੀ ਟੀਮ 30 ਮੈਚਾਂ ਵਿਚ ਇਕ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ। ਨਵੇਂ ਮੁੱਖ ਮੈਨੇਜਰ ਕ੍ਰਿਸਟੀਅਨ ਗ੍ਰੋਸ ਦੇ ਆਉਣ ਤੋਂ ਬਾਅਦ ਵੀ ਸ਼ਾਲਕੇ ਜਿੱਤ ਦੀ ਰਾਹ ‘ਤੇ ਨਹੀਂ ਮੁੜ ਸਕਿਆ। ਬਰਲਿਨ ਨੇ ਉਸ ਨੂੰ ਇਕਤਰਫ਼ਾ ਮਾਤ ਦਿੱਤੀ। ਬਰਲਿਨ ਲਈ ਮਾਟੇਓ ਗੁਵੇਨਡੋਜੀ, ਜਾਨ ਕੋਰਡੋਬਾ ਤੇ ਕ੍ਰਿਸਜਟਾਫ ਪਾਟੇਕ ਨੇ ਗੋਲ ਕੀਤੇ। ਸ਼ਾਲਕੇ ਅੰਕ ਸੂਚੀ ਵਿਚ ਆਖ਼ਰੀ ਸਥਾਨ ‘ਤੇ ਹੈ। ਬਰਲਿਨ ਦੀ ਇਹ ਇਸ ਸੈਸ਼ਨ ਦੀ ਚੌਥੀ ਜਿੱਤ ਸੀ।