ਦਿਮਾਗ਼ ਕੁਦਰਤ ਵੱਲੋਂ ਮਨੁੱਖ ਨੂੰ ਮਿਲਿਆ ਇਕ ਅਜਿਹਾ ਹੁਸੀਨ ਤੋਹਫ਼ਾ ਹੈ ਜਿਸ ਦੀ ਸ਼ਕਤੀ ਨਾਲ ਵਿਅਕਤੀ ਤਰਕ ਕਰਦਾ ਹੋਇਆ ਆਪਣਾ ਚੰਗਾ-ਮਾੜਾ ਸੋਚ ਸਕਦਾ ਹੈ। ਜੋ ਇਨਸਾਨ ਇਸ ਦੀ ਸ਼ਕਤੀ ਨੂੰ ਪਛਾਣ ਲੈਂਦਾ ਹੈ ਉਸ ਲਈ ਕੁਝ ਵੀ ਮੁਸ਼ਕਿਲ ਨਹੀਂ। ਉਹ ਜ਼ਿੰਦਗੀ ਦੇ ਧਰਾਤਲ ਦੇ ਹਰ ਉੱਚੇ-ਨੀਵੇਂ ਪੜਾਅ ਨੂੰ ਬਾਖੂਬੀ ਪਾਰ ਕਰ ਲੈਂਦਾ ਹੈ ਪਰ ਜੋ ਲੋਕ ਅਗਿਆਨਤਾ ਕਾਰਨ ਦਿਮਾਗ਼ ਦੀ ਸ਼ਕਤੀ ਨੂੰ ਨਹੀਂ ਸਮਝ ਸਕਦੇ ਉਹ ਜ਼ਿੰਦਗੀ ਭਰ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਅਕਸਰ ਖ਼ੁਸ਼ੀਆਂ ਉਨ੍ਹਾਂ ਤੋਂ ਦੂਰ ਹੀ ਨੱਸਦੀਆਂ ਰਹਿੰਦੀਆਂ ਹਨ। ਹਰ ਇਨਸਾਨ ਦੀ ਜਿੱਤ-ਹਾਰ ਉਸ ਦੇ ਦਿਮਾਗ਼ ਦੇ ਕੰਮ ਕਰਨ ਦੀ ਸਮਰੱਥਾ ‘ਤੇ ਹੀ ਨਿਰਭਰ ਕਰਦੀ ਹੈ। ਇਹ ਦਿਮਾਗ਼ ਦੀ ਸ਼ਕਤੀ ਹੀ ਹੈ ਜੋ ਸਫਲ ਅਤੇ ਅਸਫਲ ਇਨਸਾਨ ਵਿਚ ਫ਼ਰਕ ਪੈਦਾ ਕਰਦੀ ਹੈ। ਤੁਸੀਂ ਜਿਵੇਂ ਦਾ ਸੋਚਦੇ ਹੋ ਉਵੇਂ ਦੇ ਹੀ ਬਣ ਜਾਓਗੇ। ਖ਼ੁਦ ਨੂੰ ਸ਼ਕਤੀਸ਼ਾਲੀ ਸਮਝੋਗੇ ਤਾਂ ਸ਼ਕਤੀਸ਼ਾਲੀ ਹੀ ਬਣੋਗੇ। ਜੇ ਤੁਹਾਡੇ ਵਿਚਾਰ ਚੜ੍ਹਦੀ ਕਲਾ ਵਾਲੇ ਹੋਣਗੇ ਤਾਂ ਤੁਸੀਂ ਚਿਹਰੇ ਤੋਂ ਵੀ ਜਵਾਨ ਹੀ ਨਜ਼ਰ ਆਓਗੇ ਤੇ ਤੁਹਾਡਾ ਧਿਆਨ ਕਦੇ ਵੀ ਲੋਕਾਂ ਦੀਆਂ ਕਮੀਨੀਆਂ ਗੱਲਾਂ ਵੱਲ ਨਹੀਂ ਜਾਵੇਗਾ। ਜੇ ਤੁਹਾਡੇ ਵਿਚਾਰਾਂ ਵਿਚ ਕੁਝ ਤਾਜ਼ਗੀ, ਨਰੋਈ ਸੋਚ ਤੇ ਮਨ ਨੂੰ ਸਕੂਨ ਦੇਣ ਵਾਲਾ ਕੁਝ ਹੋਵੇ ਤਾਂ ਜੀਵਨ ਰੂਪੀ ਗੱਡੀ ਨਵੇਂ ਚਾਅ ਅਤੇ ਉਮੰਗਾਂ ਨਾਲ ਅੱਗੇ ਵਧਦੀ ਹੈ।
ਰਬਿੰਦਰ ਨਾਥ ਟੈਗੋਰ ਜੀ ਨੇ ਕਿਹਾ ਸੀ, ‘ਜੀਵਨ ਲਈ ਭੋਜਨ ਜ਼ਰੂਰੀ ਹੈ, ਭੋਜਨ ਤੋਂ ਜ਼ਿਆਦਾ ਪਾਣੀ, ਪਾਣੀ ਤੋਂ ਜ਼ਿਆਦਾ ਹਵਾ ਅਤੇ ਮਿਲੀ ਹੋਈ ਉਮਰ ਨੂੰ ਖੁੱਲ੍ਹੇ ਦਿਲ ਨਾਲ ਜਿਊਣਾ ਸਭ ਤੋਂ ਵੱਧ ਜ਼ਰੂਰੀ ਹੈ।’ ਅੱਜ ਦੇ ਭਾਜੜ ਭਰੇ ਜੀਵਨ ਵਿਚ ਕਦੇ ਕਿਸੇ ਦੇ ਦਿਲ ਦੀ ਧੜਕਣ ਰੁਕਣ ਤੇ ਕਦੇ ਦਿਮਾਗ਼ ਦੀ ਨਸ ਫਟਣ ਨਾਲ ਮੌਤ ਹੋ ਜਾਂਦੀ ਹੈ ਪਰ ਅਸਲ ਵਿਚ ਆਦਮੀ ਦੀ ਮੌਤ ਉਸੇ ਦਿਨ ਹੀ ਹੋ ਜਾਂਦੀ ਹੈ ਜਿਸ ਦਿਨ ਉਸ ਦੇ ਅੰਦਰੋਂ ਜਿਊਣ ਦਾ ਉਤਸ਼ਾਹ, ਚਾਹਤ ਅਤੇ ਆਸ ਮਰ ਜਾਂਦੀ ਹੈ। ਆਧੁਨਿਕ ਯੁੱਗ ਦੀਆਂ ਸਮੱਸਿਆਵਾਂ ਵਿਚਕਾਰ ਹਰ ਵਿਅਕਤੀ ਮਾਨਸਿਕ ਤਣਾਅ ਨਾਲ ਆਪੋ-ਆਪਣੇ ਢੰਗ ਰਾਹੀਂ ਭੁਗਤ ਰਿਹਾ ਹੈ।
ਕਈ ਤਾਂ ਤਣਾਅ ਕਾਰਨ ਮਾਮੂਲੀ ਪਰੇਸ਼ਾਨ ਰਹਿੰਦੇ ਹਨ ਜਦੋਂ ਕਿ ਕਈ ਇਸ ਸਦਕਾ ਹੁਸੜੇ ਨੀਂਦ ਗੁਆ ਲੈਂਦੇ ਹਨ ਤੇ ਲਹੂ ਦੇ ਵਧਦੇ ਦਬਾਅ ਦਾ ਰੋਗ ਸਹੇੜ ਬੈਠਦੇ ਹਨ। ਤਣਾਅ ਕਾਰਨ ਅਸੀਂ ਖ਼ੁਦ ਨੂੰ ਦੁਖੀ, ਇਕੱਲਾ ਅਤੇ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਾਂ ਅਤੇ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਦੀ ਲੜਾਈ ਵਿਚ ਸ਼ਾਮਲ ਹੋਣ ਤੋਂ ਆਪਣੇ-ਆਪ ਨੂੰ ਨਹੀਂ ਰੋਕ ਸਕਦੇ ਜਿਸ ਕਾਰਨ ਆਦਾਨ-ਪ੍ਰਦਾਨ, ਵਿਚਾਰ-ਵਟਾਂਦਰੇ ਅਤੇ ਚੰਗੇ ਗੁਣਾਂ ਦੀ ਹਰ ਪਲ ਹੱਤਿਆ ਹੁੰਦੀ ਰਹਿੰਦੀ ਹੈ।
ਜਦੋਂ ਤੁਹਾਡੀ ਜਾਂ ਤੁਹਾਡੇ ਕੀਤੇ ਦੀ ਕੋਈ ਕਦਰ ਨਹੀਂ ਪਾਉਂਦਾ ਜਾਂ ਤੁਹਾਨੂੰ ਆਪਣੇ ਘਰ ਬੁਲਾ ਕੇ ਨਜ਼ਰ ਅੰਦਾਜ਼ ਕਰਦਾ ਹੈ ਜਾਂ ਸਾਰਾ ਕੁਝ ਤੁਹਾਡੀ ਇੱਛਾ ਅਨੁਸਾਰ ਨਹੀਂ ਹੁੰਦਾ ਤਾਂ ਵਿਵਹਾਰ ਵਿਚ ਰੁੱਖਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਦਿਮਾਗ ‘ਤੇ ਬੋਝ ਵਧਦਾ ਹੈ, ਵਿਅਕਤੀ ਉਦਾਸ ਹੋ ਜਾਂਦਾ ਹੈ, ਦੁਖੀ ਰਹਿਣ ਲੱਗਦਾ ਹੈ। ਜ਼ਿੰਦਗੀ ਦੇ ਕਾਲੇ ਦਾਗਾਂ ਵਿਚ ਅਸੀਂ ਇੰਨਾ ਗੁਆਚ ਜਾਂਦੇ ਹਾਂ ਕਿ ਜ਼ਿੰਦਗੀ ਦੇ ਸਫ਼ੈਦ ਪੰਨਿਆਂ ‘ਤੇ ਸਾਡੀ ਨਜ਼ਰ ਹੀ ਨਹੀਂ ਜਾਂਦੀ। ਜ਼ਿੰਦਗੀ ਵਿਚ ਕੇਵਲ ਤਰੇੜਾਂ ਹੀ ਨਜ਼ਰ ਆਉਂਦੀਆਂ ਹਨ ਜੋ ਨਾ ਜਿਊਣ ਦਿੰਦੀਆਂ ਹਨ ਤੇ ਨਾ ਹੀ ਮਰਨ। ਦੂਜਿਆਂ ਪ੍ਰਤੀ ਨਫ਼ਰਤ, ਈਰਖਾ ਅਤੇ ਸਾੜਾ ਦਿਮਾਗ਼ ‘ਤੇ ਗੈਰਜ਼ਰੂਰੀ ਬੋਝ ਵਧਾਉਣ ਲੱਗਦੇ ਹਨ। ਨਕਾਰਾਤਮਕ ਵਿਚਾਰ ਦਿਮਾਗ਼ ਵਿਚ ਝੁਰਮਟ ਪਾਉਣ ਲੱਗਦੇ ਹਨ। ਅਜਿਹੇ ਸਮੇਂ ਦਿਮਾਗ਼ ਵੀ ਪਕੜ-ਪਕੜ ਕੇ ਲਿਆਉਂਦਾ ਹੈ ਉਨ੍ਹਾਂ ਗੱਲਾਂ ਨੂੰ ਜੋ ਤਕਲੀਫ ਦਿੰਦੀਆਂ ਹਨ ਤੇ ਦੁੱਖ ਦੁਗਣਾ ਹੋ ਜਾਂਦਾ ਹੈ। ਚਿੰਤਾ, ਪੀੜ ਅਤੇ ਤਣਾਅ ਦੇ ਸਮੇਂ ਮਨੁੱਖ ਆਪਣੀ ਚੇਤਨਾ ਗੁਆ ਬੈਠਦਾ ਹੈ।
ਅਜਿਹੀ ਸਥਿਤੀ ਵਿਚ ਦਿਮਾਗ਼ ਦੀ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਬੇਲੋੜੀਆਂ ਚਿੰਤਾਵਾਂ ਕਾਰਨ ਉਹ ਸਮੇਂ ਤੋਂ ਪਹਿਲਾਂ ਹੀ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ। ਦਿਮਾਗ਼ ਹੁੰਦੇ ਹੋਏ ਵੀ ਵਿਅਕਤੀ ਇਸ ਤੋਂ ਸੱਖਣਾ ਹੀ ਮਹਿਸੂਸ ਕਰਦਾ ਹੈ। ਹੌਲੀ-ਹੌਲੀ ਇਹ ਸਥਿਤੀ ਉਸ ਨੂੰ ਖ਼ੁਦਕਸ਼ੀ ਵੱਲ ਲੈ ਜਾਂਦੀ ਹੈ। ਬਦਕਿਸਮਤੀ ਇਹ ਹੈ ਕਿ ਇਸ ਸਥਿਤੀ ਤਕ ਪਹੁੰਚ ਕੇ ਵੀ ਵਿਅਕਤੀ ਕਿਸੇ ਨਾਲ ਆਪਣੇ ਦੁੱਖਾਂ ਨੂੰ ਸਾਂਝਾ ਕਰਨ ਵਿਚ ਹਿਚਕਚਾਹਟ ਮਹਿਸੁਸ ਕਰਦਾ ਹੈ ਕਿ ਜੇ ਕਿਸੇ ਨੂੰ ਪਤਾ ਲੱਗ
ਗਿਆ ਤਾਂ ਉਹ ਕੀ ਸੋਚੇਗਾ। ਇਸ ਹਾਲਤ ਵਿਚ ਜ਼ਿੰਦਗੀ ਜਿਊਣਾ ਬਹੁਤ ਹਿੰਮਤ ਭਰਿਆ ਕੰਮ ਹੈ। ਉਮਰ ਤਾਂ ਉਸ ਵੇਲੇ ਤੱਕ ਵਧਦੀ ਜਾਵੇਗੀ ਜਦੋਂ ਤਕ ਜੀਵਨ ਦੀ ਡੋਰ ਹੈ ਪਰ ਉਸ ਉਮਰ ਨੂੰ ਜਿਊਣਾ ਤਾਂ ਆਪਣੀ ਨਜ਼ਰ ਤੇ ਆਪਣੀ ਸਿਆਣਪ ‘ਤੇ ਨਿਰਭਰ ਕਰਦਾ ਹੈ।
ਇਸ ਲਈ ਜ਼ਿੰਦਗੀ ਨੂੰ ਉਤਸ਼ਾਹ, ਚਾਹਤ ਅਤੇ ਜ਼ਿੰਦਾਦਿਲੀ ਨਾਲ ਜਿਊਣ ਲਈ ਦਿਮਾਗ਼ ਨੂੰ ਸਦਾ ਜਵਾਨ ਰੱਖੋ ਅਰਥਾਤ ਬੇਲੋੜੀਆਂ ਚਿੰਤਾਵਾਂ ਨੂੰ ਇਸ ਦਾ ਬੋਝ ਨਾ ਵਧਾਉਣ ਦਿਓ। ਡਾ: ਜੋਸੇਫ ਮਰਫੀ ਜੀ ਲਿਖਦੇ ਹਨ ਕਿ ਚਿੰਤਾ, ਅਸਫਲਤਾ ਤੇ ਤਣਾਅ ਸਮੇਂ ਸਵੈ-ਸੁਝਾਅ ਵਿਅਕਤੀ ਨੂੰ ਹਰ ਪਰੇਸ਼ਾਨੀ ਤੋਂ ਉਭਾਰਨ ‘ਚ ਸਹਿਯੋਗ ਕਰਦਾ ਹੈ। ਇਸ ਦੀ ਵਰਤੋਂ ਕਰੋ ਤੇ ਸਰੀਰ ਢਿੱਲਾ ਛੱਡ ਕੇ ਅੱਖਾਂ ਨੂੰ ਬੰਦ ਕਰ ਕੇ ਆਪਣੇ-ਆਪ ਨੂੰ ਸਵੈ-ਸੁਝਾਅ ਦਿਓ ਕਿ ਕਿਨ੍ਹਾਂ ਗੱਲਾਂ ਨੂੰ ਦਰਕਿਨਾਰ ਕਰ ਕੇ ਆਪਣੀਆਂ ਚਿੰਤਾਵਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਜਲਦੀ ਹੀ ਤੁਹਾਡਾ ਦਿਮਾਗ਼ ਚਿੰਤਾਵਾਂ ਤੋਂ ਹਲਕਾ ਹੋਣਾ ਸ਼ੁਰੂ ਹੋ ਜਾਵੇਗਾ। ਸਵੈ-ਸੁਝਾਅ ‘ਤੇ ਅਮਲ ਕਰਦੇ ਜਾਓ ਤੇ ਦਿਮਾਗ਼ ਨੂੰ ਉਨ੍ਹਾਂ ਵਾਧੂ ਬੋਝਾਂ ਤੋਂ ਖ਼ਾਲੀ ਕਰਨਾ ਸ਼ੁਰੂ ਕਰੋ ਜਿਨ੍ਹਾਂ ਕਾਰਨ ਦਿਮਾਗ਼ ਦੀ ਕੰਮ ਕਰਨ ਦੀ ਸ਼ਕਤੀ ਕਮਜ਼ੋਰ ਹੋਈ ਹੈ।
ਦਿਮਾਗ਼ ਵਿੱਚੋਂ ਗ਼ਲਤ ਭਾਵਨਾਵਾਂ ਨੂੰ ਕੱਢ ਦਿਓ। ਦਿਮਾਗ਼ ਆਪਣੇ ਆਪ ਹਲਕਾ ਹੋ ਜਾਵੇਗਾ ਤੇ ਆਪਣੇ-ਆਪ ਨੂੰ ਜਵਾਨ ਮਹਿਸੂਸ ਕਰੇਗਾ। ਦੁੱਖਾਂ ਦਾ ਜਵਾਲਾਮੁਖੀ ਹੋਵੇ ਜਾਂ ਸੁਨਾਮੀ ਦੀਆਂ ਲਹਿਰਾਂ, ਆਪਣੇ ਜੀਵਨ ਨੂੰ ਕਦੇ ਟੁੱਟਣ ਨਾ ਦਿਓ। ਜਿਸ ਵਿਅਕਤੀ ਦੇ ਵਿਵਹਾਰ ਕਾਰਨ ਸਾਡਾ ਨੈਤਿਕ ਪਤਨ ਹੁੰਦਾ ਹੈ ਜਾਂ ਵਿਵਹਾਰ ‘ਚ ਰੁੱਖਾਪਣ ਆਉਂਦਾ ਹੈ, ਇਹੋ ਜਿਹੇ ਵਿਅਕਤੀ ਦਾ ਸਾਥ ਤੁਰੰਤ ਛੱਡ ਦਿਓ।
ਜੇ ਕਿਸੇ ਨੇ ਤੁਹਾਡਾ ਭਰੋਸਾ ਤੋੜਿਆ ਹੈ ਤਾਂ ਇਸ ਨੂੰ ਅਣਗੌਲਿਆਂ ਕਰ ਦਿਓ ਕਿਉਂਕਿ ਬੇਭਰੋਸਗੀ ਜ਼ਹਿਰ ਦੇ ਸਮਾਨ ਦਿਮਾਗ਼ ‘ਤੇ ਉਲਟ ਪ੍ਰਭਾਵ ਪਾ ਕੇ ਉਸ ਦੀ ਕੁਦਰਤੀ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ। ਲੜਾਈ ਲੜਨ ਵਿਚ ਰੁੱਝੇ ਉਸ ਹਾਥੀ ਵਾਂਗ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਈ ਜਾਓ ਜੋ ਚਾਰੇ ਪਾਸਿਆਂ ਤੋਂ ਆ ਰਹੇ ਤੀਰਾਂ ਦੀ ਪਰਵਾਹ ਨਾ ਕਰਦਾ ਹੋਇਆ ਅੱਗੇ ਵਧਦਾ ਜਾਂਦਾ ਹੈ। ਇਸ ਤਰ੍ਹਾਂ ਜ਼ਿੰਦਗੀ ਰਮਣੀਕ ਹੋਵੇਗੀ ਅਤੇ ਤੁਸੀਂ ਸਦਾਚਾਰੀ ਆਦਰਸ਼ ਜੀਵਨ ਦਾ ਆਨੰਦ ਲੈ ਸਕੋਗੇ