39.99 F
New York, US
February 5, 2025
PreetNama
ਰਾਜਨੀਤੀ/Politics

ਦਿਲਜੀਤ ਤੇ ਜੈਜ਼ੀ ਬੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ, ਕਾਂਗਰਸੀਆਂ ਨੇ ਖ਼ਾਲਿਸਤਾਨ ਦੇ ਮੁੱਦੇ ‘ਤੇ ਘੇਰਿਆ

ਚੰਡੀਗੜ੍ਹ: ਖ਼ਾਲਿਸਤਾਨ ਦੇ ਮੁੱਦੇ ’ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਖ਼ਿਲਾਫ਼ ਪੁਲਿਸ ਕਾਰਵਾਈ ਦੀ ਮੰਗ ਕਰਨ ਵਾਲੇ ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਪੀਲ ‘ਤੇ ਕਾਂਗਰਸੀਆਂ ਨੇ ਪੂਰ ਚੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਲੁਧਿਆਣਾ ਦੇ ਕਾਂਗਰਸੀ ਲੀਡਰ ਹਰਕਤ ਵਿੱਚ ਆ ਚੁੱਕੇ ਹਨ ਤੇ ਵਾਰੋ-ਵਾਰੀ ਦਿਲਜੀਤ ਦੁਸਾਂਝ ਅਤੇ ਜੈਜ਼ੀ ਬੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤਾਂ ਲੈ ਕੇ ਪਹੁੰਚ ਰਹੇ ਹਨ।

ਬਿੱਟੂ ਦੇ ਕਹਿਣ ’ਤੇ ਪਹਿਲਾਂ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜੀਵ ਰਾਜਾ ਨੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਤੇ ਮਹਾਰਾਣਾ ਰਾਜਪੂਤ ਸਭਾ ਦੇ ਪ੍ਰਧਾਨ ਤੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਡਿੰਪਲ ਰਾਣਾ ਨੇ ਵੀ ਪੁਲਿਸ ਕੋਲ ਪਹੁੰਚ ਕੀਤੀ ਹੈ। ਦੋਵਾਂ ਲੀਡਰਾਂ ਨੇ ਮੰਗ ਕੀਤੀ ਹੈ ਕਿ ਪੰਜਾਬੀ ਗਾਇਕਾਂ ਖ਼ਿਲਾਫ਼ ਆਈਪੀਸੀ ਦੀਆਂ ਅਪਰਾਧਕ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਜਾਵੇ।

ਥਾਣਾ ਸਲੇਮ ਟਾਬਰੀ ਵਿੱਚ ਸ਼ਿਕਾਇਤ ਦਰਜ ਕਰਵਾਉਣ ਆਏ ਡਿੰਪਲ ਰਾਣਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖ ਕੇ ਕਾਰਵਾਈ ਕਰਨ ਅਤੇ ਅਜਿਹੇ ਗੀਤਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਜੋ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾ ਰਹੇ ਹਨ। ਉਨ੍ਹਾਂ ਕਿਹਾ ਕਿ ਗੀਤਾਂ ਵਿੱਚ ਸ਼ਰ੍ਹੇਆਮ ਹਥਿਆਰਾਂ ਦੀ ਵਰਤੋਂ ਦੀ ਗੱਲ ਨਾਲ ਨੌਜਵਾਨ ਪੀੜ੍ਹੀ ਗੁਮਰਾਹ ਹੋ ਕੇ ਆਪਣਾ ਭਵਿੱਖ ਖ਼ਰਾਬ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਨੇ ਕਾਂਗਰਸੀਆਂ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਦੇ ਪੁਲਿਸ ਸਟੇਸ਼ਨਾਂ ਵਿੱਚ ਜਾ ਕੇ ਦੋਵਾਂ ਗਾਇਕਾਂ ਖ਼ਿਲਾਫ਼ ਸ਼ਿਕਾਇਤਾਂ ਕਰਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਦਿਲਜੀਤ ਤੇ ਜੈਜ਼ੀ ਬੀ ਜਿਹੇ ਗਾਇਕ ਆਪ ਤਾਂ ਕਰੋਨਾ ਵਾਇਰਸ ਦੇ ਡਰੋਂ ਵਿਦੇਸ਼ਾਂ ਵਿੱਚ ਬੈਠੇ ਹਨ ਤੇ ਚੁਰਾਸੀ ਸਬੰਧੀ ਗੀਤ ਗਾ ਰਹੇ ਹਨ।

ਬਿੱਟੂ ਨੇ ਕਿਹਾ ਕਿ ਖ਼ਾਲਿਸਤਾਨ ਦਾ ਸਮਰਥਨ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂੰ ਸਾਡੇ ਫ਼ੌਜੀਆਂ ਦੀ ਸ਼ਹਾਦਤ ਦਾ ਅਪਮਾਨ ਕਰਦਾ ਹੈ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਜਿਹੇ ਲੋਕ ਇਸ ਸੰਗਠਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਅਪੀਲ ਵੀ ਕੀਤੀ ਸੀ। ਹਾਲਾਂਕਿ, ਦਿਲਜੀਤ ਦੁਸਾਂਝ ਨੇ ਆਪਣੇ ਗੀਤ ਬਾਰੇ ਸਫਾਈ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਗਾਇਆ ਗਾਣਾ ਬਾਕਾਇਦਾ ਭਾਰਤੀ ਸੈਂਸਰ ਬੋਰਡ ਵੱਲੋਂ ਪਾਸ ਹੈ ਅਤੇ ਇਸ ‘ਤੇ ਵਾਧੂ ਦਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ।

Related posts

ਦਿੱਲੀ ਦੇ ਸਕੂਲਾਂ ਨੂੰ ਮੁੜ ਮਿਲੀ ਬੰਬ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ

On Punjab

Misdeed Case : ਸਾਬਕਾ ਵਿਧਾਇਕ ਸਿਮਰਜੀਤ ਬੈਂਸ ਅੱਜ ਕਰ ਸਕਦੇ ਨੇ ਆਤਮ ਸਮਰਪਣ, ਕਈ ਦਿਨਾਂ ਤੋਂ ਫ਼ਰਾਰ PA ਗ੍ਰਿਫ਼ਤਾਰ

On Punjab

ਕੈਪਟਨ ਇੱਕ ਵਾਰ ਫੇਰ ਮੋਦੀ ਤੋਂ ਮੰਗੀ ਮਦਦ, ਨਾਲ ਦਿੱਤੀ ਖਾਸ ਸਲਾਹ, ਕੀ ਮੰਨਣਗੇ ਪੀਐਮ

On Punjab