ਚੰਡੀਗੜ੍ਹ : ਚੰਡੀਗੜ੍ਹ ‘ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦੇ ਕੰਸਰਟ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਪਟੀਸ਼ਨ ‘ਚ 14 ਦਸੰਬਰ, 2024 ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ‘ਚ ਹੋਣ ਵਾਲੇ ਸਮਾਗਮ ਕੰਸਰਟ ਲਈ ਟ੍ਰੈਫਿਕ ਪ੍ਰਬੰਧਨ, ਭੀੜ ਨਿਯੰਤਰਣ ਤੇ ਹੋਰ ਜਨਤਕ ਸੁਰੱਖਿਆ ਉਪਰਾਲਿਆਂ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।
ਚੰਡੀਗੜ੍ਹ ਨਿਵਾਸੀ ਰਣਜੀਤ ਸਿੰਘ ਵੱਲੋਂ ਦਾਇਰ ਪਟੀਸ਼ਨ ‘ਚ ਜਦੋਂ ਤਕ ਲੋੜੀਂਦੇ ਉਪਾਅ ਨਹੀਂ ਕੀਤੇ ਜਾਂਦੇ ਉਦੋਂ ਤਕ ਚੰਡੀਗੜ੍ਹ ਪ੍ਰਸ਼ਾਸਨ ਨੂੰ ਈਵੈਂਟ ਪ੍ਰਬੰਧਕਾਂ ਨੂੰ ਸੈਕਟਰ-34 ਪ੍ਰਦਰਸ਼ਨੀ ਮੈਦਾਨ ‘ਚ ਮਿਊਜ਼ਿਕ ਕੰਸਰਟ ਕਰਵਾਉਣ ਤੋਂ ਰੋਕਣ ਦੇ ਆਦੇਸ਼ ਦੇਣ ਦੀ ਮੰਗ ਕੀਤੀ ਗੀ ਸੀ।
ਪਟੀਸ਼ਨ ‘ਚ ਰਿਹਾਇਸ਼ੀ ਤੇ ਵਪਾਰਕ ਖੇਤਰਾਂ ਤੋਂ ਦੂਰ ਵੱਡੇ ਪੱਧਰ ‘ਤੇ ਸਮਾਗਮਾਂ ਲਈ ਬਦਲਵੇਂ ਸਥਾਨ ਨਿਰਧਾਰਤ ਕਰਨ ਦੀ ਅਪੀਲ ਕੀਤੀ ਗਈ ਸੀ। ਪਟੀਸ਼ਨ ‘ਚ ਪ੍ਰਤੀਵਾਦੀਆਂ ਨੂੰ ਜਨਤਕ ਸਮਾਗਮਾਂ ਲਈ ਇਜਾਜ਼ਤ ਦੇਣ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਸਥਾਪਤ ਕਰਨ ਲਈ ਨਿਰਦੇਸ਼ ਜਾਰੀ ਕਰਨ ਤੇ ਇਹ ਯਕੀਨੀ ਬਣਾਉਣ ਲਈ ਕਹਿੰਦੀ ਹੈ ਕਿ ਉਹ ਜ਼ਰੂਰੀ ਸੇਵਾਵਾਂ ‘ਚ ਵਿਘਨ ਨਾ ਪਵੇ ਜਾਂ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਨਾ ਕਰੇ। ਪਟੀਸ਼ਨ ‘ਚ ਚੰਡੀਗੜ੍ਹ ਪ੍ਰਸ਼ਾਸਨ, ਡੀਜੀਪੀ, ਨਗਰ ਨਿਗਮ, ਇਵੈਂਟ ਕੰਪਨੀਆਂ ਨੂੰ ਬਚਾਅ ਧਿਰ ਬਣਾਇਆ ਗਿਆ ਸੀ।
ਹਾਈ ਕੋਰਟ ਨੇ ਕੰਸਰਟ ਨੂੰ ਦਿੱਤੀ ਹਰੀ ਝੰਡੀ-ਹਾਈਕੋਰਟ ਨੇ ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਨਿਯਮਾਂ ਮੁਤਾਬਕ ਹੀ ਕਰਵਾਇਆ ਜਾਵੇ। ਅਦਾਲਤ ਨੇ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਕਰਨ ‘ਤੇ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਸੀਸੀਪੀਸੀਆਰ ਦੇ ਪ੍ਰਧਾਨ ਸ਼ਿਪਰਾ ਨੇ ਵੀ ਪ੍ਰਬੰਧਕਾਂ ਨੂੰ ਸੰਗੀਤ ਸਮਾਰੋਹ ਦੌਰਾਨ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਨਾ ਦੇਣ ਦੇ ਆਦੇਸ਼ ਜਾਰੀ ਕੀਤੇ ਸਨ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਜੇਜੇ ਐਕਟ ਅਤੇ ਕਾਨੂੰਨ ਦੀਆਂ ਹੋਰ ਧਾਰਾਵਾਂ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ।