ਇਹ ਗੱਲ ਕਈ ਖੋਜਾਂ ਵਿਚ ਸਾਹਮਣੇ ਆਈ ਹੈ ਕਿ ਬੈਠੇ ਰਹਿਣਾ ਸਿਹਤ ਲਈ ਚੰਗਾ ਨਹੀਂ ਹੈ। ਤਾਜ਼ਾ ਖੋਜ ਵਿਚ ਇਹ ਪਤਾ ਲੱਗਾ ਹੈ ਕਿ ਬੈਠੇ ਰਹਿ ਕੇ ਤੁਸੀਂ ਕੀ ਕਰਦੇ ਹੋ, ਇਸ ਦਾ ਵੀ ਸਿਹਤ ‘ਤੇ ਅਸਰ ਪੈਂਦਾ ਹੈ। ਉਦਾਹਰਣ ਦੇ ਤੌਰ ‘ਤੇ ਬੈਠੇ-ਬੈਠੇ ਕੰਮ ਕਰਨ ਨਾਲ ਦਿਲ ਨੂੰ ਏਨਾ ਜ਼ਿਆਦਾ ਖ਼ਤਰਾ ਨਹੀਂ ਹੈ ਜਿੰਨਾ ਖ਼ਤਰਾ ਬੈਠ ਕੇ ਟੀਵੀ ਦੇਖਦੇ ਰਹਿਣ ਨਾਲ ਹੈ। ਜਰਨਲ ਆਫ ਅਮੇਰੀਕਨ ਹਾਰਟ ਐਸੋਸੀਏਸ਼ਨ ਵਿਚ ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਤੁਸੀਂ ਕੀ ਕਰਦੇ ਸਮੇਂ ਸਮਾਂ ਬਿਤਾਉਂਦੇ ਹੋ, ਇਸ ਦਾ ਦਿਲ ‘ਤੇ ਬਹੁਤ ਅਸਰ ਪੈਂਦਾ ਹੈ। ਵਿਗਿਆਨਕਾਂ ਨੇ 3,592 ਲੋਕਾਂ ‘ਤੇ ਕਰੀਬ 8.5 ਸਾਲ ਤਕ ਅਧਿਐਨ ਕੀਤਾ। ਇਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਲੋਕ ਕਸਰਤ ਵਿਚ ਕਿੰਨਾ ਸਮਾਂ ਬਿਤਾਉਂਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਕਸਰਤ ਕਰਨ ਨਾਲ ਬੈਠੇ ਰਹਿ ਕੇ ਦਿਲ ਨੂੰ ਹੋਣ ਵਾਲਾ ਨੁਕਸਾਨ ਘੱਟ ਕਰਨ ਵਿਚ ਮਦਦ ਮਿਲਦੀ ਹੈ। ਤੇਜ਼ ਚੱਲਣਾ ਵੀ ਦਿਲ ਦੀ ਸਿਹਤ ਨੂੰ ਫ਼ਾਇਦਾ ਪਹੁੰਚਾਉਂਦਾ ਹੈ।
previous post