ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਪੁਲੀਸ ਨੇ ਮਿਸ਼ਨਰੀ ਹਸਪਤਾਲ ਦੇ ਇਕ ਨਕਲੀ ਡਾਕਟਰ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ, ਜਿਸ ’ਤੇ ਦਮੋਹ ਜ਼ਿਲ੍ਹੇ ਵਿਚ ਸਰਜਰੀ ਕਰਨ ਅਤੇ ਕਥਿਤ ਤੌਰ ’ਤੇ ਘੱਟੋ-ਘੱਟ ਸੱਤ ਮਰੀਜ਼ਾਂ ਨੂੰ ਮਾਰਨ ਦਾ ਦੋਸ਼ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮਿਸ਼ਨਰੀ ਹਸਪਤਾਲ ਵਿਚ ਨਿਯੁਕਤੀ ਪ੍ਰਾਪਤ ਕਰਨ ਲਈ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਵਿਚ ਜ਼ਿਲ੍ਹੇ ਦੇ ਕੋਤਵਾਲੀ ਪੁਲੀਸ ਸਟੇਸ਼ਨ ਵਿਚ ਨਕਲੀ ਡਾਕਟਰ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ।
ਸਿਟੀ ਸੁਪਰਡੈਂਟ ਆਫ਼ ਪੁਲਿਸ ਅਭਿਸ਼ੇਕ ਤਿਵਾੜੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, “ਮਿਸ਼ਨਰੀ ਹਸਪਤਾਲ ਦੇ ਡਾ. ਐਨ. ਜੌਨ ਕੇਮ ਵਿਰੁੱਧ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਵਿੱਚ ਕੋਤਵਾਲੀ ਪੁਲੀਸ ਸਟੇਸ਼ਨ ਵਿਚ ਇਕ ਐੱਫਆਈਆਰ ਦਰਜ ਕੀਤੀ ਗਈ ਹੈ। ਸਾਨੂੰ ਇਸ ਮਾਮਲੇ ਵਿਚ ਸਿਹਤ ਵਿਭਾਗ ਦੇ ਸੀਐੱਮਐੱਚਓ ਤੋਂ ਇਕ ਰਿਪੋਰਟ ਮਿਲੀ ਹੈ ਕਿ ਡਾ. ਐੱਨ ਜੌਨ ਕੇਮ ਨੇ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਦੀਆਂ ਕਥਿਤ ਤੌਰ ’ਤੇ ਜਾਅਲੀ ਸਰਜਰੀਆਂ ਕੀਤੀਆਂ ਹਨ।
ਡਾਕਟਰ ਦੇ ਮੈਡੀਕਲ ਦਸਤਾਵੇਜ਼ ਸ਼ੱਕੀ ਪਾਏ ਗਏ, ਜਿਨ੍ਹਾਂ ਦੀ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਸ਼ੱਕੀ ਹੋਣ ’ਤੇ ਉਸਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ।’’ ਅਧਿਕਾਰੀ ਨੇ ਅੱਗੇ ਕਿਹਾ ਕਿ ਦੋਸ਼ੀ ਡਾਕਟਰ ਦੀ ਮੈਡੀਕਲ ਪ੍ਰੈਕਟਿਸ ਸ਼ੱਕੀ ਲੱਗ ਰਹੀ ਸੀ ਕਿਉਂਕਿ ਉਹ ਮੱਧ ਪ੍ਰਦੇਸ਼ ਵਿਚ ਰਜਿਸਟ੍ਰੇਸ਼ਨ ਤੋਂ ਬਿਨਾਂ ਪ੍ਰੈਕਟਿਸ ਕਰ ਰਿਹਾ ਸੀ ਅਤੇ ਆਂਧਰਾ ਪ੍ਰਦੇਸ਼ ਦੀ ਉਸਦੀ ਪਿਛਲੀ ਰਜਿਸਟ੍ਰੇਸ਼ਨ ਵੈੱਬਸਾਈਟ ’ਤੇ ਦਿਖਾਈ ਨਹੀਂ ਦੇ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ ਅਤੇ ਦੋਸ਼ੀ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।