ਦਿੱਲੀ ਦੀ ਰਾਣੀ ਝਾਂਸੀ ਰੋਡ ‘ਤੇ ਸਥਿਤ ਅਨਾਜ ਮੰਡੀ ਇਲਾਕੇ ਵਿੱਚ ਬੀਤੇ ਦਿਨੀਂ ਅੱਗ ਲੱਗ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੀ ਚੌਥੀ ਮੰਜ਼ਿਲ ਵਿੱਚੋਂ ਹਾਲੇ ਵੀ ਧੂੰਆਂ ਉੱਠ ਰਿਹਾ ਹੈ । ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਜੂਦ ਹਨ, ਜੋ ਹਾਲੇ ਵੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ । ਜ਼ਿਕਰਯੋਗ ਹੈ ਕਿ ਐਤਵਾਰ ਨੂੰ ਲੱਗੀ ਇਸ ਅੱਗ ਵਿੱਚ 43 ਲੋਕਾਂ ਦੀ ਮੌਤ ਹੋ ਗਈ ਸੀ,ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ । ਇਸ ਘਟਨਾ ਦੀ ਜਾਂਚ ਲਈ ਪੁਲਿਸ ਨੇ ਇਮਾਰਤ ਨੂੰ ਪਹਿਲਾਂ ਹੀ ਸੀਲ ਕੀਤਾ ਹੋਇਆ ਹੈ । ਜਿਸ ਕਾਰਨ ਆਸਪਾਸ ਦੇ ਲੋਕਾਂ ਨੂੰ ਬੈਰੀਕੇਡਿੰਗ ਕਰ ਕੇ ਬਾਹਰ ਹੀ ਰੋਕਿਆ ਜਾ ਰਿਹਾ ਹੈ ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਅੱਜ ਇਸ ਮਾਮਲੇ ਵਿੱਚ ਫ਼ੈਕਟਰੀ ਦਾ ਮਾਲਿਕ ਹੈ ਅਤੇ ਫ਼ੈਕਟਰੀ ਦੇ ਮੈਨੇਜਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ । ਪੁਲਿਸ ਵੱਲੋਂ ਇਨ੍ਹਾਂ ਦੋਹਾਂ ਖਿਲਾਫ ਆਈਪੀਸੀ ਦੀ ਧਾਰਾ 304 ਅਤੇ 308 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਜੇਕਰ ਇਸ ਮਾਮਲੇ ਵਿੱਚ ਦੋਸ਼ ਸਾਬਿਤ ਹੁੰਦੇ ਹਨ ਤਾਂ ਇਨ੍ਹਾਂ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਦਿੱਲੀ ਦੀ ਰਾਣੀ ਝਾਂਸੀ ਰੋਡ ‘ਤੇ ਅਨਾਜ ਮੰਡੀ ਵਿਖੇ ਸਥਿਤ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਸੀ । ਇਹ ਅੱਗ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਸੀ । ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਦਿੱਲੀ ਦੇ ਐਲਐਨਜੇਪੀ, ਸਫਦਰਜੰਗ, ਆਰਐਮਐਲ ਅਤੇ ਹਿੰਦੂ ਰਾਓ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ।
ਇਸ ਸਬੰਧੀ ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਅੱਗ ਲੱਗਣ ਦੀ ਜਾਣਕਾਰੀ ਐਤਵਾਰ ਸਵੇਰੇ 5.22 ਵਜੇ ਮਿਲੀ ਸੀ, ਜਿਸ ਤੋਂ ਬਾਅਦ 30 ਅੱਗ ਬੁਝਾਊ ਵਾਲੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਸੀ । ਦਿੱਲੀ ਸਰਕਾਰ ਵੱਲੋਂ ਅੱਗ ਲੱਗਣ ਦੀ ਘਟਨਾ ਵਿੱਚ ਮਾਰੇ ਗਏ ਲੋਕਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀ ਲੋਕਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ।