ਨਵੀਂ ਦਿੱਲੀ: ਦਿੱਲੀ ਵਿੱਚ ਦੁੱਧ ਤੇ ਦੁੱਧ ਤੋਂ ਬਣੀ ਖੁਰਾਕ ਸਮਗਰੀ ਸਿਹਤ ਲਈ ਸੁਰੱਖਿਅਤ ਨਹੀਂ। ਰਾਜ ਖੁਰਾਕ ਵਿਭਾਗ ਦੇ ਟੈਸਟ ਮਗਰੋਂ ਸਾਹਮਣੇ ਆਈ ਰਿਪੋਰਟ ਵਿੱਚ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਜਨਵਰੀ 2018 ਤੋਂ ਅਪਰੈਲ 2019 ਵਿਚਾਲੇ ਦਿੱਲੀ ਦੇ ਖੁਰਾਕ ਸੁਰੱਖਿਆ ਵਿਭਾਗ ਨੇ 2,880 ਨਮੂਨਿਆਂ ਨੂੰ ਜਮ੍ਹਾ ਕੀਤਾ ਸੀ ਜਿਨ੍ਹਾਂ ਵਿੱਚੋਂ 477 ਨਮੂਨੇ ਫੇਲ੍ਹ ਪਾਏ ਗਏ ਹਨ।
ਰਾਜ ਸਰਕਾਰ ਦੇ ਡੇਟਾ ਮੁਤਾਬਕ ਜਾਂਚ ਦੌਰਾਨ ਦੁੱਧ ਤੇ ਦੁੱਧ ਤੋਂ ਬਣੇ 161 ਨਮੂਨੇ ਪੂਰੀ ਤਰ੍ਹਾਂ ਫੇਲ੍ਹ ਰਹੇ। 21 ਨਮੂਨੇ ਮਿਸਬ੍ਰਾਂਡਿਡ ਰਹੇ। ਇਸ ਦੇ ਨਾਲ ਹੀ 125 ਨਮੂਨੇ ਮਾਣਕਾਂ ‘ਤੇ ਖਰੇ ਨਹੀਂ ਉੱਤਰੇ ਜਦਕਿ 15 ਹੋਰ ਪੂਰੀ ਤਰ੍ਹਾਂ ਅਸੁਰੱਖਿਅਤ ਰਹੇ।
ਇੱਕ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ ‘ਤੇ ਦੁੱਧ ਵਿੱਚ ਚੀਨੀ ਜਾਂ ਗਲੂਕੋਜ਼ ਵਰਗਾ ਸਾਮਾਨ ਮਿਲਾ ਦਿੱਤਾ ਜਾਂਦਾ ਹੈ ਜੋ ਖਾਣ ਵਿੱਚ ਹਾਨੀਕਾਰਕ ਤਾਂ ਨਹੀਂ ਹੁੰਦਾ ਪਰ ਟੈਸਟ ਦੌਰਾਨ ਪਤਾ ਚੱਲ ਜਾਂਦਾ ਹੈ ਕਿ ਕੁਝ ਤਾਂ ਮਿਲਾਵਟ ਕੀਤੀ ਗਈ ਹੈ। ਹਾਲਾਂਕਿ ਕੁਝ ਲੋਕ ਦੁੱਧ ਵਿੱਚ ਸੋਡਾ ਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਰਸਾਇਣ ਵੀ ਮਿਲਾ ਦਿੰਦੇ ਹਨ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹਨ।
ਕਾਨੂੰਨ ਦੇ ਹਿਸਾਬ ਨਾਲ ਅਜਿਹੇ ਖੁਰਾਕ ਪਦਾਰਥ, ਜਿਸ ਦੀ ਕੁਆਲਟੀ ਖਰਾਬ ਹੈ ਪਰ ਜਿਸ ਨਾਲ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਹੋਇਆ ਹੈ, ਦੀ ਮਿਲਾਵਟ ਨਾਲ ਛੇ ਮਹੀਨੇ ਤਕ ਦੀ ਜੇਲ੍ਹ ਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਜੇ ਇਸ ਨਾਲ ਕਿਸੇ ਨੂੰ ਨੁਕਸਾਨ ਹੋਇਆ ਹੈ ਤਾਂ ਛੇ ਸਾਲ ਦੀ ਜੇਲ੍ਹ ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ। ਮੌਤ ਹੋਣ ਦੀ ਸਥਿਤੀ ਵਿੱਚ ਘੱਟੋ-ਘੱਟ 7 ਸਾਲ ਜੇਲ੍ਹ ਤੇ 10 ਲੱਖ ਤੋਂ ਵੱਧ ਜ਼ੁਰਮਾਨਾ ਲਾਇਆ ਜਾ ਸਕਦਾ ਹੈ।