ਨਵੀਂ ਦਿੱਲੀ: ਦੱਖਣ ਦਿੱਲੀ ਨਗਰ ਨਿਗਮ (ਐਸਡੀਐਮਸੀ) ਮਾਸ ਦੀ ਵਿਕਰੀ ਲਈ ਨਵੇਂ ਨਿਯਮ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਦੇ ਮੁਤਾਬਕ ਹੁਣ ਧਾਰਮਿਕ ਸਥਾਨਾਂ ਦੇ ਨਜ਼ਦੀਕ ਮੀਟ ਨਹੀਂ ਮਿਲੇਗਾ। ਪਾਲਿਸੀ ਮੁਤਾਬਕ ਧਾਰਮਿਕ ਸਥਾਨ ਤੇ ਮੀਟ ਸ਼ਾਪ ਵਿਚਾਲੇ ਘੱਟੋ-ਘੱਟ 150 ਮੀਟਰ ਦੀ ਦੂਰੀ ਲਾਜ਼ਮੀ ਹੋਏਗੀ। ਐਸਡੀਐਮਸੀ ਦੀ ਸਟੈਂਡਿੰਗ ਕਮੇਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਦਨ ਵਿੱਚੋਂ ਮਨਜ਼ੂਰੀ ਮਿਲਣ ਬਾਅਦ ਇਸ ਨੂੰ ਲਾਗੂ ਕੀਤਾ ਜਾਏਗਾ।
ਨਵੀਂ ਪਾਲਿਸੀ ਵਿੱਚ ਮੀਟ ਸ਼ਾਪ ਖੋਲ੍ਹਣ ਲਈ ਲਾਇਸੈਂਸ ਫੀਸ ਵਿੱਚ ਵੀ ਇਜ਼ਾਫ਼ਾ ਕੀਤਾ ਗਿਆ ਹੈ। ਹੁਣ ਲਾਇਸੈਂਸ ਲਈ 5 ਹਜ਼ਾਰ ਦੀ ਬਜਾਏ 7 ਹਜ਼ਾਰ ਰੁਪਏ ਦੇਣੇ ਪੈਣਗੇ। ਲੈਇਸੈਂਸ ਲਈ ਸਥਾਨਕ ਕੌਂਸਲਰ ਕੋਲੋਂ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਹੋਏਗਾ। ਇਸ ਤੋਂ ਇਲਾਵਾ ਦੁਕਾਨ ਵਿੱਚ ਇੱਕ ਡਿਸਪਲੇਅ ਬੋਰਡ ਲਾਉਣਾ ਵੀ ਜ਼ਰੂਰੀ ਹੋਏਗਾ ਜਿਸ ਵਿੱਚ ਇਹ ਦੱਸਿਆ ਜਾਏਗਾ ਕਿ ਜੋ ਮੀਟ ਵੇਚਿਆ ਜਾ ਰਿਹਾ ਹੈ ਉਹ ਹਲਾਲ ਹੈ ਜਾਂ ਝਟਕਾ।
ਇਸ ਤੋਂ ਪਾਲਿਸੀ ਵਿੱਚ ਕਿਹਾ ਗਿਆ ਹੈ ਕਿ ਮਟਨ/ਚਿਕਨ/ਮੱਛੀ ਤੇ ਮੱਝ ਦੇ ਮਾਸ ਦੀ ਦੁਕਾਨ ਮਸਜਿਦ ਤੋਂ 100 ਮੀਟਰ ਦੇ ਅੰਦਰ ਲਾਉਣ ਦੀ ਇਜਾਜ਼ਤ ਪ੍ਰਸ਼ਾਸਨ ਕੋਲੋਂ ਲਈ ਜਾ ਸਕਦੀ ਹੈ ਬਸ਼ਰਤੇ ਇਸ ਦੀ ਮਨਜ਼ੂਰੀ ਇਮਾਮ ਜਾਂ ਪ੍ਰਬੰਧਣ ਨੇ ਦਿੱਤੀ ਹੋਏ। ਐਸਡੀਐਮਸੀ ਨੇ ਖੁੱਲ੍ਹੇ ਵਿੱਚ ਮਾਸ ਵੇਚਣ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਿਰਫ ਬੁੱਚੜਖ਼ਾਨਿਆਂ ਤੋਂ ਲਿਆ ਮਾਸ ਹੀ ਦੁਕਾਨਾਂ ਵਿੱਚ ਵੇਚਿਆ ਜਾ ਸਕਦਾ ਹੈ।