Delhi Pizza Delivery Boy: ਨਵੀਂ ਦਿੱਲੀ: ਕੋਰੋਨਾ ਸੰਕਟ ਨਾਲ ਜੁੜੀ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦਿੱਲੀ ਵਿੱਚ ਇੱਕ ਪੀਜ਼ਾ ਡਿਲੀਵਰੀ ਕਰਨ ਵਾਲੇ ਸ਼ਖਸ ਦੀ ਲਾਪਰਵਾਹੀ 72 ਘਰਾਂ ‘ਤੇ ਭਾਰੀ ਪੈ ਗਈ ਹੈ । ਦਰਅਸਲ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿੱਚ ਇੱਕ ਪੀਜ਼ਾ ਡਿਲੀਵਰੀ ਬੁਆਏ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਜਾਣਕਾਰੀ ਅਨੁਸਾਰ ਇਸ ਡਿਲੀਵਰੀ ਬੁਆਏ ਨੇ ਪਿਛਲੇ 15 ਦਿਨਾਂ ਵਿੱਚ 72 ਘਰਾਂ ਵਿੱਚ ਪੀਜ਼ਾ ਡਿਲੀਵਰੀ ਕੀਤੀ ਸੀ । ਜਿਸ ਤੋਂ ਬਾਅਦ 72 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ । ਹਾਲਾਂਕਿ ਅਧਿਕਾਰੀਆਂ ਵੱਲੋਂ ਡਿਲੀਵਰੀ ਬੁਆਏ ਦੀ ਡਿਟੇਲ ਸ਼ੇਅਰ ਨਹੀਂ ਕੀਤੀ ਗਈ ਹੈ ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਸਾਰੇ 72 ਘਰਾਂ ਦੀ ਪਛਾਣ ਕਰ ਲਈ ਹੈ ਅਤੇ ਸਾਰੇ ਲੋਕਾਂ ਨੂੰ ਵੱਖਰਾ ਕਰਨ ਦੇ ਆਦੇਸ਼ ਦਿੱਤੇ ਹਨ । ਇਸ ਦੇ ਨਾਲ ਇਸ ਡਿਲੀਵਰੀ ਬੁਆਏ ਦੇ ਨਾਲ ਕੰਮ ਕਰਨ ਵਾਲੇ 17 ਸਾਥੀਆਂ ਅਤੇ ਡਿਲੀਵਰੀ ਬੁਆਏ ਦੇ ਪਰਿਵਾਰ ਨੂੰ ਘਰ ਤੋਂ ਅਲੱਗ ਕਰ ਦਿੱਤਾ ਗਿਆ ਹੈ । ਦੱਖਣੀ ਦਿੱਲੀ ਦੇ ਡੀਐਮ ਬੀਐਮ ਮਿਸ਼ਰਾ ਨੇ ਦੱਸਿਆ ਕਿ ਸਾਰੇ 72 ਘਰਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ । ਜੇਕਰ ਇਨ੍ਹਾਂ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਮਿਲਦੇ ਹਨ ਤਾਂ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ । ਅਧਿਕਾਰੀਆਂ ਨੇ ਇਨਾਂ ਸਾਰੇ 72 ਲੋਕਾਂ ਦੀ ਪਛਾਣ ਗੁਪਤ ਰੱਖੀ ਹੈ ।
ਮਿਲੀ ਜਾਣਕਾਰੀ ਅਨੁਸਾਰ ਇਸ ਡਿਲੀਵਰੀ ਬੁਆਏ ਨੇ ਮਾਲਵੀਆ ਨਗਰ ਦੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਪੀਜ਼ਾ ਡੇਲਿਵਰ ਕੀਤਾ ਸੀ । ਇਹ ਡਿਲੀਵਰੀ ਬੁਆਏ ਮਾਰਚ ਦੇ ਆਖਰੀ ਹਫ਼ਤੇ ਤੱਕ ਡਿਊਟੀ ‘ਤੇ ਸੀ ਅਤੇ ਪਿਛਲੇ ਹਫਤੇ ਹੀ ਇਸ ਦਾ ਕੋਰੋਨਾ ਟੈਸਟ ਰਿਜਲਟ ਪਾਜ਼ੀਟਿਵ ਆਇਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਉਹ ਪਹਿਲਾਂ ਡਾਇਲਿਸਿਸ ਲਈ ਇੱਕ ਹਸਪਤਾਲ ਗਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਉਹ ਇਨਫੈਕਟਡ ਹੋਇਆ ਹੋਵੇਗਾ ।
ਦੱਸ ਦੇਈਏ ਕਿ ਲਾਕਡਾਊਨ ਦੌਰਾਨ ਭੋਜਨ ਅਤੇ ਕਰਿਆਨੇ ਦੇ ਸਾਮਾਨ ਦੀ ਹੋਮ ਡਿਲੀਵਰੀ ਦੀ ਮਨਜ਼ੂਰੀ ਹੈ । ਹਾਟਸਪਾਟ ਵਾਲੇ ਇਲਾਕੇ ਵਿੱਚ ਲਾਕਡਾਊਨ ਸਖਤ ਹੈ ਅਤੇ ਕਿਸੇ ਨੂੰ ਵੀ ਆਪਣੇ ਘਰੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੈ । ਜਿਸ ਕਾਰਨ ਸਾਰੀਆਂ ਜ਼ਰੂਰੀ ਵਸਤੂਆਂ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ।