ਨਵੀਂ ਦਿੱਲੀ: ਐਨਡੀਐਮਸੀ ਨਵੀਂ ਦਿੱਲੀ ਦੇ ਸਾਰੇ ਇਲਾਕਿਆਂ ‘ਚ ਵਾਈ–ਫਾਈ ਲਾਉਣ ਜਾ ਰਹੀ ਹੈ ਤੇ ਅਗਲੇ ਛੇ ਮਹੀਨਿਆਂ ‘ਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਐਨਡੀਐਮਸੀ ਦੇ ਚੇਅਰਮੈਨ ਨਰੇਸ਼ ਕੁਮਾਰ ਨੇ ਕਿਹਾ ਕਿ ਅਗਲੇ ਛੇ ਮਹੀਨਿਆਂ ‘ਚ ਨਵੀਂ ਦਿੱਲੀ ਦੇ ਸਾਰੇ ਇਲਾਕੇ ਵਾਈ–ਫਾਈ ਲੈਸ ਹੋ ਜਾਣਗੇ। ਦਿੱਲੀ ਦੇ ਕਨੌਟਪਲੇਸ ਨੂੰ ਵਾਈ–ਫਾਈ ਜ਼ੋਨ ਬਣਾਉਣ ਦਾ ਕੰਮ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ।
ਨਰੇਸ਼ ਕੁਮਾਰ ਨੇ ਕਿਹਾ ਕਿ ਕਨੌਟਪਲੇਸ ‘ਚ ਵਾਈ–ਫਾਈ ਵਧੀਆ ਚੱਲ ਰਹੀ ਹੈ ਤੇ ਲੋਕ ਇਸ ਦਾ ਫਾਇਦਾ ਵੀ ਲੈ ਰਹੇ ਹਨ। ਵਾਈ–ਫਾਈ ਲਈ ਨਵੀਂ ਦਿੱਲੀ ਏਰੀਆ ਦੇ ਪੂਰੇ ਇਲਾਕੇ ‘ਚ ਕੁਲ 625 ਸਮਾਰਟ ਪੋਲ ਲੱਗਣੇ ਹਨ। 55 ਸਮਾਰਟ ਪੋਲ ਲਾਏ ਜਾ ਚੁੱਕੇ ਹਨ। ਇੱਕ ਸਮਾਰਟ ਪੋਲ ‘ਤੇ ਲੱਗੇ ਵਾਈ–ਫਾਈ ਦੇ ਨੇੜੇ 25-30 ਮੀਟਰ ਦੇ ਰੇਡੀਅਸ ‘ਚ ਇੰਟਰਨੈਟ ਨੈੱਟਵਰਕ ਮਿਲ ਜਾਂਦਾ ਹੈ।
ਨਰੇਸ਼ ਨੇ ਕਿਹਾ, “ਅਸੀਂ ਇਸ ਸਾਲ ਦਸੰਬਰ ਤਕ ਸਾਰੇ ਇਲਾਕਿਆਂ ‘ਚ ਫਰੀ ਵਾਈ–ਫਾਈ ਸੇਵਾ ਦਾ ਵਿਸਥਾਰ ਕਰਨ ਦਾ ਟੀਚਾ ਰੱਖਿਆ ਹੈ। ਸਮਾਰਟ ਪੋਲ ਤੋਂ ਇਲਾਵਾ ਐਨਡੀਐਮਸੀ ਆਪਣਾ ਫਾਈਬਰ ਨੈੱਟਵਰਕ ਪਾ ਰਿਹਾ ਹੈ। ਐਮਟੀਐਨਐਲ ਨਾਲ ਇਹ ਪ੍ਰੋਜੈਕਟ ਜੋੜਿਆ ਜਾ ਰਿਹਾ ਹੈ। ਇਸ ਨੂੰ ਪਹਿਲਾ ਕਨੌਟ ਪਲੇਸ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਬਾਕੀ ਖੇਤਰਾਂ ਨਾਲ ਜੋੜਿਆ ਜਾਵੇਗਾ।
ਚੇਅਰਮੈਨ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਲ 2017 ‘ਚ ਐਨਡੀਐਮਸੀ ਨੂੰ ਸਮਾਰਟ ਸਿਟੀ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਅੇਨਡੀਐਮਸੀ ਇਲਾਕਿਆਂ ‘ਚ ਵੱਖ–ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ।