ਪੁਰਾਣੀ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ’ਚ ਹੁਣ ਕੁੜੀਆਂ ਦੇ ਇੱਲਿਆਂ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਜਾਮਾ ਮਸਜਿਦ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਅਤੇ ਮਸਜਿਦ ਦੇ ਗੇਟ ’ਤੇ ਇਕ ਪੱਟੀ ਵੀ ਲਗਾਈ ਗਈ ਹੈ, ਜਿਸ ’ਤੇ ਲਿਖਿਆ ਗਿਆ ਹੈ ਕਿ ਜਾਮਾ ਮਸਜਿਦ ’ਚ ਲੜਕੀਆਂ ਦਾ ਇਕੱਲਿਆਂ ਦਾਖਲਾ ਮਨ੍ਹਾ ਹੈ। ਇਹ ਪੱਟੀ ਤਿੰਨੋਂ ਗੇਟਾਂ ’ਤੇ ਲੱਗੇ ਹਨ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੁਨੀਆ ਭਰ ’ਚ ਇਸਲਾਮਿਕ ਭਾਈਚਾਰੇ ਦੀਆਂ ਔਰਤਾਂ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਹਨ। ਈਰਾਨ ’ਚ ਵੀ ਉੱਥੋਂ ਦੀਆਂ ਔਰਤਾਂ ਹਿਜਾਬ ਨੂੰ ਲੈ ਕੇ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੀਆਂ ਹਨ।
ਸਮਾਜਿਕ ਵਰਕਰਾਂ ਨੇ ਕੀਤੀ ਅਲੋਚਨਾ
ਜ਼ਿਕਰਯੋਗ ਹੈ ਕਿ ਜਾਮਾ ਮਸਜਿਦ ਦੇ ਇਸ ਆਦੇਸ਼ ਨੂੰ ਕੱਟੜਪੰਥੀ ਮਾਨਸਿਕਤਾ ਕਰਾਰ ਦਿੰਦਿਆਂ ਇਸ ਦੀ ਆਲੋਚਨਾ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਕੋਈ ਅੱਧੀ ਆਬਾਦੀ ਨਾਲ ਇਸ ਤਰ੍ਹਾਂ ਦਾ ਸਲੂਕ ਕਿਵੇਂ ਕਰ ਸਕਦਾ ਹੈ। ਇਸ ਮਾਮਲੇ ਸਬੰਧੀ ਸਮਾਜ ਸੇਵੀ ਸ਼ਹਿਨਾਜ ਅਫਜਲ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਸਾਰਿਆਂ ਨੂੰ ਬਰਾਬਰ ਅਧਿਕਾਰ ਹਨ। ਅਜਿਹੇ ’ਚ ਇਹੋ ਜਿਹਾ ਫ਼ੈਸਲਾ ਸੰਵਿਧਾਨ ’ਤੇ ਰੋਕ ਲਗਾਉਣ ਦੇ ਬਰਾਬਰ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਫੈਸਲਾ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਹੈ। ਇਹ ਫੈਸਲਾ ਲੈਣ ਵਾਲੇ ਉਸ ਮਾਨਸਿਕਤਾ ਦੇ ਹਨ ਜੋ ਕੁੜੀਆਂ ਨੂੰ ਹਨੇਰੇ ਦੇ ਖੂਹ ਵਿਚ ਰੱਖਣਾ ਚਾਹੁੰਦੇ ਹਨ।
ਮਸਜਿਦ ਦੇ ਬੁਲਾਰੇ ਨੇ ਕੀਤਾ ਇਸ ਫ਼ੈਸਲੇ ਦਾ ਬਚਾਅ
ਇਸ ਸਬੰਧੀ ਜਾਮਾ ਮਸਜਿਦ ਦੇ ਬੁਲਾਰੇ ਸਬੀਉੱਲਾ ਨੇ ਇਸ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਜਾਮਾ ਮਸਜਿਦ ’ਚ ਕਈ ਅਜਿਹੇ ਜੋੜੇ ਆਉਂਦੇ ਹਨ, ਜਿਨ੍ਹਾਂ ਦਾ ਵਿਵਹਾਰ ਧਰਮ ਅਨੁਸਾਰ ਨਹੀਂ ਹੁੰਦਾ। ਉੱਥੇ ਹੀ ਉਨ੍ਹਾਂ ਕਿਹਾ ਕਿ ਇੱਥੇ ਕੁਝ ਲੜਕੀਆਂ ਸੋਸ਼ਲ ਮੀਡੀਆ ’ਤੇ ਵੀਡੀਓ ਬਣਾਉਣ ਲਈ ਵੀ ਆ ਜਾਂਦੀਆਂ ਹਨ, ਜੋ ਨਮਾਜ਼ ਵਾਲੀ ਥਾਂ ’ਤੇ ਆਉਂਦੀਆਂ ਹਨ, ਜਿਸ ਕਾਰਨ ਨਮਾਜ਼ੀਆਂ ਨੂੰ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਸਜਿਦ ਦੇ ਅੰਦਰ ਵੀਡੀਓ ਨਾ ਬਣਾਉਣ ਦੇ ਸੰਦੇਸ਼ ਵੀ ਲਿਖੇ ਗਏ ਹਨ।
ਜਾਮਾ ਮਸਜਿਦ ਦਿੱਲੀ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਵਿੱਚੋਂ ਇਕ
ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਮੁਗਲਾਂ ਦੇ ਦੌਰ ਦੀ ਹੈ, ਇਸ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ਵਿਚ ਹੁੰਦੀ ਹੈ। ਦਿੱਲੀ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਵਿੱਚੋਂ ਇਕ ਹੋਣ ਦੇ ਨਾਲ-ਨਾਲ ਇਹ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹੈ। ਰਮਜਾਨ ਦੇ ਦਿਨਾਂ ਦੌਰਾਨ ਇੱਥੇ ਇਫਤਾਰ ਦੇ ਸਮੇਂ ਰੌਣਕ ਦੇਖਿਆਂ ਹੀ ਬਣਦੀ ਹੈ ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਕੇ ਨਮਾਜ਼ ਅਦਾ ਕਰਦੇ ਹਨ।