Delhi Max Hospital: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਮਹਾਂਰਾਸ਼ਟਰ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ । ਦਿੱਲੀ ਦੇ ਪਟਪੜਗੰਜ ਖੇਤਰ ਦੇ ਮੈਕਸ ਹਸਪਤਾਲ ਵਿੱਚ ਇੱਕ ਡਾਕਟਰ ਸਣੇ 33 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਸਮੁੱਚੇ ਮੈਡੀਕਲ ਸਟਾਫ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਸੀ । ਇਸ ਤੋਂ ਬਾਅਦ ਹੁਣ ਤੱਕ 33 ਹੈਲਥ ਕੇਅਰ ਸਟਾਫ ਕੋਰੋਨਾ ਪੀੜਤ ਹੋ ਚੁੱਕੇ ਹਨ ।
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਪੀੜਤ ਮੈਡੀਕਲ ਸਟਾਫ ਦੇ ਸਾਰੇ ਮੈਂਬਰਾਂ ਨੂੰ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਇਲਾਜ ਪਟਪੜਗੰਜ ਦੇ ਮੈਕਸ ਹਸਪਤਾਲ ਵਿੱਚ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਥੋਂ ਦਾ ਸਟਾਫ ਕੋਰੋਨਾ ਦੇ ਇਲਾਜ ਵਿੱਚ ਲੱਗਿਆ ਹੋਇਆ ਸੀ ।
ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਦਿੱਲੀ ਸਰਕਾਰ ਦੇ ਬਾਬੂ ਜਗਜੀਵਨ ਰਾਮ ਸਰਕਾਰੀ ਹਸਪਤਾਲ ਦੇ 19 ਹੋਰ ਕਰਮਚਾਰੀਆਂ ਦੀ ਐਤਵਾਰ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ । ਜਿਸ ਤੋਂ ਬਾਅਦ ਹਸਪਤਾਲ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 59 ਹੋ ਗਈ ਹੈ । ਜਿਸ ਕਾਰਨ ਹਸਪਤਾਲ ਨੂੰ ਮਰੀਜ਼ਾਂ ਲਈ ਅਗਲੇ ਤਿੰਨ ਦਿਨਾਂ ਤੱਕ ਬੰਦ ਕਰ ਦਿੱਤਾ ਗਿਆ ਹੈ । ਹਸਪਤਾਲ ਵਿੱਚ ਪੀੜਤ ਲੋਕਾਂ 59 ਲੋਕਾਂ ਵਿੱਚ 11 ਡਾਕਟਰ ਸ਼ਾਮਿਲ ਹਨ ।
ਦੱਸ ਦੇਈਏ ਕਿ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਅਨੁਸਾਰ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ 293 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 2,918 ਹੋ ਗਈ ਹੈ । ਅੱਜ ਦਿੱਲੀ ਵਿੱਚ ਦੂਜੀ ਵਾਰ ਕੋਵਿਡ -19 ਦੇ ਇਨਫੈਕਸ਼ਨ ਦੀ ਸਭ ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ ।