ਦਿੱਲੀ ਦੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ :ਦਿੱਲੀ ਦੇ ਤਿੰਨ ਸਕੂਲਾਂ ਵਿਚ ਬੰਬ ਧਮਾਕੇ ਦੀ ਧਮਕੀ ਉੱਥੇ ਪੜ੍ਹਦੇ ਦੋ ਵਿਦਿਆਰਥੀਆਂ ਨੇ ਦਿੱਤੀ ਸੀ। ਦੋਵੇਂ ਭੈਣ-ਭਰਾ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਕਾਊਂਸਲਿੰਗ ਦੌਰਾਨ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਈ-ਮੇਲ ਰਾਹੀਂ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਦਿੱਤੀ ਸੀ। ਉਹ ਚਾਹੁੰਦੇ ਸਨ ਕਿ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣ। ਉਨ੍ਹਾਂ ਨੂੰ ਪਹਿਲਾਂ ਦਿੱਤੀਆਂ ਧਮਕੀਆਂ ਤੋਂ ਇਹ ਖ਼ਿਆਲ ਆਇਆ।
ਵਿਦਿਆਰਥੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਪ੍ਰੀਖਿਆ ਦੀ ਤਿਆਰੀ ਨਹੀਂ ਕੀਤੀ ਸੀ। ਅਜਿਹੇ ‘ਚ ਉਹ ਪ੍ਰੀਖਿਆ ਮੁਲਤਵੀ ਕਰਵਾਉਣਾ ਚਾਹੁੰਦੇ ਸਨ। ਪੁਲਿਸ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ ਸਨ, ਇਸ ਲਈ ਕਾਊਂਸਲਿੰਗ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
17 ਦਸੰਬਰ ਨੂੰ ਰੋਹਿਣੀ ਅਤੇ ਪੱਛਮ ਵਿਹਾਰ ਸਥਿਤ 3 ਸਕੂਲਾਂ ਨੂੰ ਬੰਬ ਦੀ ਧਮਕੀ ਦਿੱਤੀ ਗਈ ਸੀ। ਇਸ ਵਿੱਚ 72 ਘੰਟਿਆਂ ਵਿੱਚ 85 ਲੱਖ ਰੁਪਏ ਭੇਜਣ ਦੀ ਗੱਲ ਕਹੀ ਗਈ ਸੀ। ਲਿਖਿਆ ਸੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਬੰਬ ਧਮਾਕਾ ਕੀਤਾ ਜਾਵੇਗਾ। ਇਸ ਸਾਲ ਮਈ ਤੋਂ ਲੈ ਕੇ ਹੁਣ ਤੱਕ ਦਿੱਲੀ ‘ਚ 50 ਬੰਬ ਧਮਕੀਆਂ ਭੇਜੀਆਂ ਜਾ ਚੁੱਕੀਆਂ ਹਨ। ਇਸ ਵਿੱਚ ਸਿਰਫ਼ ਸਕੂਲ ਹੀ ਨਹੀਂ ਸਗੋਂ ਹਸਪਤਾਲ, ਹਵਾਈ ਅੱਡੇ ਅਤੇ ਏਅਰਲਾਈਨ ਕੰਪਨੀਆਂ ਵੀ ਸ਼ਾਮਲ ਹਨ। ਇਸ ਮਹੀਨੇ 4 ਵਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।